ਕਮਿਸ਼ਨ ਦੀ ਰਹਿਨੁਮਾਈ ਹੇਠ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਿੱਚ ਨਹੀਂ ਛੱਡਾਂਗੇ ਕੋਈ ਕਸਰ-ਆਸ਼ੂ ਨਾਹਰ
____________
ਅੰਮ੍ਰਿਤਸਰ,23 ਨਵੰਬਰ (ਪਵਿੱਤਰ ਜੋਤ)- ਨਗਰ ਨਿਗਮ ਅੰਮ੍ਰਿਤਸਰ ਦੇ ਕੰਮਕਾਜ ਨੂੰ ਸੰਭਾਲਣ ਵਿੱਚ ਮਾਹਿਰ ਅਧਿਕਾਰੀ ਸੰਦੀਪ ਰਿਸ਼ੀ ਵੱਲੋਂ ਤੀਸਰੀ ਵਾਰੀ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਗਿਆ। ਉਹ ਕਰੀਬ ਛੇ ਮਹੀਨੇ ਵਿੱਚ ਦੂਸਰੀ ਵਾਰੀ ਨਿਗਮ ਕਮਿਸ਼ਨਰ ਦੀ ਕੁਰਸੀ ਤੇ ਬਿਰਾਜਮਾਨ ਹੋਏ ਹਨ। ਚਾਰਜ ਸੰਭਾਲਣ ਦੇ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਪੰਜਾਬ ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਆਸ਼ੂ ਨਾਹਰ ਦੀ ਦੇਖ-ਰੇਖ ਵਿੱਚ ਸੰਦੀਪ ਰਿਸ਼ੀ ਦਾ ਢੋਲ ਦੀ ਥਾਪ ਤੇ ਸਵਾਗਤ ਕੀਤਾ ਗਿਆ। ਉਹਨਾਂ ਦੀ ਟੀਮ ਵੱਲੋਂ ਸੰਦੀਪ ਰਿਸ਼ੀ ਨੂੰ ਫੁੱਲਾਂ ਦੇ ਹਾਰ ਗੁਲਦਸਤੇ ਅਤੇ ਸ਼ਾਲ ਭੇਂਟ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸੰਦੀਪ ਰਿਸ਼ੀ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ-ਕਾਜ ਮੁਸ਼ਕਲਾਂ ਅਤੇ ਸਹੂਲਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਜਾਣੂ ਹਨ। ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਹਮੇਸ਼ਾ ਸਹਿਯੋਗ ਰਿਹਾ ਹੈ। ਹੁਣ ਵੀ ਕਰਮਚਾਰੀਆਂ ਨੇ ਦੋਗੁਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਹ ਆਸ ਕਰਦੇ ਹਨ ਕਿ ਸ਼ਹਿਰ ਦੇ ਵਿਕਾਸ ਸਿਹਤ ਸਫ਼ਾਈ ਅਤੇ ਹੋਰ ਕੰਮਾਂ ਨੂੰ ਲੈ ਕੇ ਕਰਮਚਾਰੀ ਪੂਰੇ ਜੋਸ਼ ਨਾਲ ਕੰਮ ਕਰਨਗੇ।
ਯੂਨੀਅਨ ਆਗੂ ਆਸ਼ੂ ਨਾਹਰ ਅਤੇ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਸੰਦੀਪ ਰਿਸ਼ੀ ਦੇ ਦੋਬਾਰਾ ਕਮਿਸ਼ਨਰ ਦਾ ਚਾਰਜ਼ ਸੰਭਾਲਣ ਤੇ ਕਰਮਚਾਰੀਆਂ ਦੇ ਵਿੱਚ ਪੂਰਾ ਜੋਸ਼ ਹੈ। ਗੁਰੂ ਨਗਰੀ ਦੀ ਤਰੱਕੀ ਖੁਸ਼ਹਾਲੀ ਅਤੇ ਸਫਾਈ ਨੂੰ ਲੈ ਕੇ ਕਰਮਚਾਰੀ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਕਮਿਸ਼ਨਰ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਰਮਚਾਰੀ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਸੰਦੀਪ ਰਿਸ਼ੀ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਹਨ। ਜਿਨ੍ਹਾਂ ਦੀ ਰਹਿਨੁਮਾਈ ਹੇਠ ਜਿੱਥੇ ਨਿਗਮ ਖੁਸ਼ਹਾਲ ਹੋਵੇਗਾ ਉਥੇ ਕਰਮਚਾਰੀਆਂ ਦੀਆਂ ਸਹੂਲਤਾਂ ਅਤੇ ਮੰਗਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇਗਾ।
ਇਸ ਮੌਕੇ ਤੇ ਸਿਹਤ ਅਧਿਕਾਰੀ ਡਾ.ਯੋਗੇਸ਼ ਅਰੋੜਾ, ਸੈਕਟਰੀ ਸੱਤਪਾਲ,ਡਾ. ਰਮਾ, ਵਿਸ਼ਾਲ ਵਧਾਵਨ,ਜਸਵਿੰਦਰ ਸਿੰਘ,ਏ.ਟੀ.ਪੀ ਪਰਮਜੀਤ, ਵਿਸ਼ਵਦੀਪ ਸਿੰਘ,ਸੁਨੀਲ ਭਾਟੀਆ,ਹਰਬੰਸ ਲਾਲ, ਸਤਿੰਦਰ ਸਿੰਘ,ਦੀਪਕ ਸਭਰਵਾਲ,ਰਾਜ ਕਲਿਆਣ,ਸਾਜਨ ਖੋਸਲਾ, ਸਮੇਤ ਕਈ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।