ਲਾਲਪੁਰਾ ’ਤੇ ਬੇਬੁਨਿਆਦ ਇਲਜ਼ਾਮ ਨਿਸ਼ਚਿਤ ਹਾਰ ਦਾ ਭੰਡਾ ਦੂਜਿਆਂ ਸਿਰ ਭੰਨਣ ਦੀ ਕਵਾਇਦ : ਪ੍ਰੋ: ਸਰਚਾਂਦ ਸਿੰਘ ਖਿਆਲਾ

0
11

ਅੰਮ੍ਰਿਤਸਰ 5 ਨਵੰਬਰ ( ਪਵਿੱਤਰ ਜੋਤ) : ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ (ਬਾਦਲ ) ਦੀ ਲੀਡਰਸ਼ਿਪ ਵੱਲੋਂ ਭਾਜਪਾ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ 9 ਨਵੰਬਰ ਨੂੰ ਹੋ ਰਹੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ’ਚ ਆਪਣੇ ਉਮੀਦਵਾਰ ਦੀ ਨਿਸ਼ਚਿਤ ਹਾਰ ਦਾ ਭੰਡਾ ਦੂਜਿਆਂ ਸਿਰ ਭੰਡਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਇਹ ਵਿਡੰਬਣਾ ਹੀ ਹੈ ਕਿ ਪੰਜਾਬੀ ਪਾਰਟੀ ਵਿਚ ਤਬਦੀਲ ਕੀਤੀ ਜਾ ਚੁੱਕੀ ਪਾਰਟੀ ਨੂੰ ਅੱਜ ਪੰਥ ਦਾ ਹੇਜ ਜਾਗਿਆ ਹੈ। ਦੂਜਿਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ’ਚ ਦਖਲਅੰਦਾਜ਼ੀ ਨਾ ਕਰਨ ਦੀ ਨਸੀਹਤ ਦੇਣ ਵਾਲਾ ਅਕਾਲੀ ਦਲ ਆਪ ਇਕ ਰਾਜਨੀਤਿਕ ਪਾਰਟੀ ਵਜੋਂ ਚੋਣ ਕਮਿਸ਼ਨ ਕੋਲ ਦਰਜ਼ ਹੈ, ਫਿਰ ਉਹ ਕਿਵੇਂ ਧਾਰਮਿਕ ਸੰਸਥਾ ਦੇ ਪ੍ਰਧਾਨ ਲਈ ਉਮੀਦਵਾਰ ਐਲਾਨ ਕਰਦਿਆਂ ਧਾਰਮਿਕ ਮਾਮਲਿਆਂ ’ਚ ਦਖ਼ਲ ਕਿਵੇਂ ਨਹੀਂ ਦੇ ਰਿਹਾ ਹੈ?
ਉਨ੍ਹਾਂ ਕਿਹਾ ਕਿ ਅਸਲ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸਿੱਖ ਪੰਥ ਦੀ ਨਬਜ਼ ਨੂੰ ਪਛਾਣਦਿਆਂ ਬਾਦਲ ਪਿਤਾ ਪੁੱਤਰ ਵੱਲੋਂ ਪੰਥ ਨਾਲ ਕੀਤੇ ਗਏ ਧੋਖਿਆਂ, ਜਿਨ੍ਹਾਂ ’ਚ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ ਮੰਗਿਆਂ ਮੁਆਫ਼ੀ ਦਿਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪ੍ਰਤੀ ਇਨਸਾਫ਼ ਦੀ ਮੰਗ ਨੂੰ ਲੈ ਕੇ ਬੈਠੀਆਂ ਸੰਗਤਾਂ ਉੱਤੇ ਬਹਿਬਲ ਕਲਾਂ ਵਿਖੇ ਗੋਲੀਆਂ ਚਲਾਉਣ ਵਾਲਿਆਂ ਦੀ ਸਰਪ੍ਰਸਤੀ ਕਰਨ ਵਰਗੀਆਂ ਹਿਰਦੇਵੇਧਕ ਘਟਨਾਵਾਂ ਲਈ ਬਾਦਲਾਂ ਨੂੰ ਇਸ ਵਾਰ ਸਬਕ ਸਿਖਾਉਣ ਦੀ ਤਿਆਰੀ ਕਰ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਅਕਾਲੀ ਆਗੂਆਂ ਨੇ ਬਾਦਲ ਪਿਓ ਪੁੱਤਰ ਦੇ ਇਸ਼ਾਰਿਆਂ ਜਾਂ ਦਬਾਅ ਵਿਚ ਆ ਕੇ ਹੁਣ ਪੰਥ ਦਰਦੀ ਅਤੇ ਸਿੱਖੀ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਖ਼ਸੀਅਤ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਸੰਵਿਧਾਨਕ ਅਹੁਦੇ ’ਤੇ ਨਿਯੁਕਤ ਸਿੱਖ ਆਗੂ ਇਕਬਾਲ ਸਿੰਘ ਲਾਲਪੁਰਾ ’ਤੇ ਬੇਬੁਨਿਆਦ ਦੋਸ਼ ਲਾਉਂਦਿਆਂ ਰਾਸ਼ਟਰਪਤੀ ਤੋਂ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਇਕ ਸਿੱਖ ਨੂੰ ਮਿਲਿਆ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਵੀ ਗਵਾ ਲੈਣਾ ਚਾਹੁੰਦਾ ਹੈ, ਜਿਸ ਨਾਲ ਇਨ੍ਹਾਂ ਦਾ ਸਿੱਖ ਵਿਰਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਿਆਸੀ ਸਵਾਰਥਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਬਾਦਲਾਂ ਵੱਲੋਂ ਕੀਤੀ ਜਾ ਰਹੀ ਗ਼ਲਤ ਵਰਤੋਂ ਪ੍ਰਤੀ ਸਿੱਖ ਪੰਥ ਦਾ ਹਰ ਬਾਸ਼ਿੰਦਾ ਚਿੰਤਤ ਹੈ। ਉਨ੍ਹਾਂ ਕਿਹਾ ਕਿ ਬਾਦਲ ਅਕਾਲੀ ਦਲ ਨੂੰ ਭਾਜਪਾ ਫੋਬੀਆ ਹੋ ਜਾਣਾ ਉਨ੍ਹਾਂ ਦੇ ਬੌਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸਿੱਖ ਪੰਥ ਬਾਦਲਾਂ ਦੀ ਸਿਆਸਤ ਤੋਂ ਨਿਜਾਤ ਚਾਹੁੰਦਾ ਹੈ। ਸਿੱਖ ਪੰਥ ਅਤੇ ਪੰਜਾਬੀਆਂ ਵੱਲੋਂ 2017, 22 ਅਤੇ ਲੋਕ ਸਭਾ ਉਪ ਚੋਣ ਵਿਚ ਪੂਰੀ ਤਰਾਂ ਨਕਾਰਦਿਆਂ ਸਿਆਸੀ ਹਾਸ਼ੀਏ ਤੋਂ ਵੀ ਬਾਹਰ ਕਰਦਿਤੇ ਜਾਣ ਦੇ ਬਾਵਜੂਦ ਬਾਦਲ ਪਰਿਵਾਰ ਦਾ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਚਿੰਬੜਿਆ ਹੋਇਆ ਹੋਣਾ ਬੇਸ਼ਰਮੀ ਦੀ ਇੰਤਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਵੱਲੋਂ ਸਿੱਖੀ ਸਿਧਾਂਤ, ਵਿਚਾਰਧਾਰਾ ਅਤੇ ਰਵਾਇਤਾਂ ਨੂੰ ਤਿਲਾਂਜਲੀ ਦੇਣ ਨਾਲ ਅਕਾਲੀ ਦਲ ’ਚ ਨਾ ਉਹ ਪੰਥਕ ਸਰੂਪ ਰਿਹਾ ਨਾ ਹੀ ਭਾਵਨਾ। ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਇਕ ਸਦੀ ਪੁਰਾਣੀ ਪਾਰਟੀ ਅੱਜ ਬੁਰੀ ਤਰਾਂ ਪਤਨ ਦੇ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਤਾਨਾਸ਼ਾਹੀ ਅਤੇ ਗ਼ਲਤ ਨੀਤੀਆਂ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅਸੰਤੁਸ਼ਟ ਤੇ ਨਿਰਾਸ਼ ਹੋ ਕੇ ਹੋ ਕੇ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਹਨ। ਜੇ ਕੋਈ ਪਾਰਟੀ ’ਚ ਆਪਣੇ ਅਧਿਕਾਰਾਂ ਅਤੇ ਜਮਹੂਰੀਅਤ ਪ੍ਰਣਾਲੀ ਲਈ ਸਿਰ ਉਠਾਉਂਦਾ ਹੈ ਤਾਂ ਉਸ ਨੂੰ ਬੁਰੀ ਤਰਾਂ ਕੁਚਲ ਦਿੱਤਾ ਜਾਂਦਾ ਹੈ। ਜਮਹੂਰੀਅਤ ਦੇ ਖ਼ਾਤਮੇ ’ਤੇ ਚੁੱਪੀ ਸਾਧਣ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਜੁਝਾਰੂਆਂ ਦੀ ਜਮਾਤ ਹੋਇਆ ਕਰਦਾ ਸੀ ਜਿਸ ਨੂੰ ਬਾਦਲਾਂ ਵੱਲੋਂ ਅੱਜ ਬੁਜ਼ਦਿਲਾਂ ਦਾ ਝੁੰਡ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਜ਼ਮੀਰ ਵਾਲੇ ਅਕਾਲੀ ਆਗੂਆਂ ਵੱਲੋਂ ਵੱਡੀ ਚੁਨੌਤੀ ਦਿੱਤੀ ਜਾ ਰਹੀ ਹੈ। ਇਸ ਲਈ ਅਕਾਲੀ ਸਫ਼ਾਂ ’ਚ ਲੀਡਰਸ਼ਿਪ ਤਬਦੀਲੀ ਨੂੰ ਸ਼ਿੱਦਤ ਨਾਲ ਲੋਚ ਰਹੇ ਹਨ। ਉਨ੍ਹਾਂ ਬਤੌਰ ਇਕ ਨਿਮਾਣਾ ਸਿੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪ੍ਰਧਾਨਗੀ ਦੀ ਸਾਲਾਨਾ ਚੋਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਨਿਜਾਤ ਦਿਵਾਉਣ ਪ੍ਰਤੀ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੀ ਅਪੀਲ ਕੀਤੀ।

NO COMMENTS

LEAVE A REPLY