ਅੰਮ੍ਰਿਤਸਰ/ਹਜ਼ੂਰ ਸਾਹਿਬ:-6 ਅਕਤੂਬਰ (ਰਾਜਿੰਦਰ ਧਾਨਿਕ ) : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ, ਇਤਿਹਾਸਕ ਗੁਰਦੁਆਰਾ ਨਗੀਨਾ ਘਾਟ, ਤੋਂ ਗੁ: ਬਾਉਲੀ ਸਾਹਿਬ ਦੀ ਗਰਾਉਂਡ ਤੱਕ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸਾਂਝੇ ਤੌਰ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਮਹੱਲਾ ਸਜਾਇਆ ਗਿਆ। ਪੁਰਾਤਨ ਰਵਾਇਤ ਮੁਤਾਬਕ ਮਹੱਲਾ ਦੀ ਅਗਵਾਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਬਾਬਾ ਜੱਸਾ ਸਿੰਘ ਨਿਹੰਗ ਸਿੰਘ ਫੌਜਾਂ ਬੁੱਢਾ ਦਲ ਦੀਆਂ ਸਮੇਤ, ਬਾਬਾ ਅਵਤਾਰ ਸਿੰਘ ਤਰਨਾ ਦਲ ਸੁਰਸਿੰਘ, ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਅਤੇ ਵਿਸ਼ੇਸ਼ ਤੌਰ ਤੇ ਨਿਹੰਗ ਦਲਾਂ ਨੇ ਸਮੂਲੀਅਤ ਕੀਤੀ। ਗੁਰਦੁਆਰਾ ਨਗੀਨਾ ਘਾਟ ਤੋਂ ਮਹੱਲੇ ‘ਚ ਅਰੰਭਤਾ ਉਪਰੰਤ ਸਮੁੱਚੀਆਂ ਨਿਹੰਗ ਸਿੰਘਾਂ ਫੌਜਾਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਈਆਂ।ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਲੱਕ ਤੇ ਢਾਲਾਂ ਖੰਡੇ ਸਜਾਏ ਹੱਥਾਂ ਵਿੱਚ ਨੇਜੇ ਫੜੀ, ਨੀਲਿਆਂ, ਕੇਸਰੀ ਬਾਣਿਆਂ ਵਿੱਚ ਖਾਲਸਾਈ ਜੰਗੀ ਮਾਹੌਲ ਦਾ ਦ੍ਰਿਸ਼ ਪੇਸ ਕਰ ਰਹੇ ਸਨ।ਇਹ ਖਾਲਸਾਈ ਮਹੱਲਾ ਗੁਰਦੂਆਰਾ ਬਾਉਲੀ ਸਾਹਿਬ ਦੇ ਖੁਲੇ੍ਹ ਮੈਦਾਨ ਵਿਖੇ ਪੁਜਣ ਉਪਰੰਤ ਸੰਪੂਰਨ ਹੋਇਆ।ਨਿਹੰਗ ਸਿੰਘਾਂ ਨੇ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਘੋੜੇ ਦੌੜਾਏ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲ੍ਹੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਖੂਬ ਜੋਹਰ ਵਿਖਾਏ।
ਇਸ ਉਪਰੰਤ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਹੋਏ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਬਾ ਜੱਸਾ ਸਿੰਘ ਬੁੱਢਾ ਦਲ ਨੇ ਪੰਥਕ, ਧਾਰਮਿਕ ਸ਼ਖਸੀਅਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਅਕਾਲੀ ਬੁੱਢਾ ਦਲ ਦੀਆਂ ਨਿਹੰਗ ਸਿੰਘ ਫੋਜਾਂ ਨਾਲ ਗੁਰਦੁਆਰਾ ਮਾਲ ਟੇਕਰੀ ਸਾਹਿਬ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ, ਗੁਰਦੁਆਰਾ ਨਗੀਨਾ ਘਾਟ ਸਾਹਿਬ, ਗੁਰਦੁਆਰਾ ਬਉਲੀ ਸਾਹਿਬ, ਗੁਰਦੁਆਰਾ ਲੰਗਰ ਸਾਹਿਬ ਆਦਿ ਅਸਥਾਨਾਂ ਤੇ ਨਤਮਸਤਕ ਹੋਏ।