ਅੰਮ੍ਰਿਤਸਰ,20 ਸਤੰਬਰ (ਰਾਜਿੰਦਰ ਧਾਨਿਕ)- ਨਗਰ ਨਿਗਮ ਵਿੱਚ ਕੰਮ ਕਰਦੇ ਕਈ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਮਿਲਣ ਉਪਰੰਤ ਉਹਨਾਂ ਨੇ ਸੋਚਿਆ ਸੀ ਕਿ ਇਕ ਵਾਰੀ ਦੁਬਾਰਾ ਸਰਕਾਰੀ ਤਨਖਾਹ ਮਿਲਣ ਤੇ ਘਰ ਦਾ ਚੁੱਲਾ ਜਲੇਗਾ। ਪਰਿਵਾਰ ਦੇ ਮੈਂਬਰਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਹੋਵੇਗੀ। ਪਰ ਨਿਗਮ ਪ੍ਰਸ਼ਾਸਨ ਦੀ ਅਨਦੇਖੀ ਅਤੇ ਲਾਪਰਵਾਹੀ ਤੇ ਚੱਲਦਿਆਂ ਤਰਸ ਦੇ ਅਧਾਰ ਤੇ ਲੱਗੇ ਕਰਮਚਾਰੀਆਂ ਦੀ ਸੋਚ ਦੇ ਮੁਤਾਬਿਕ ਸਭ ਕੁਝ ਉਲਟ ਪੁਲਟ ਹੋ ਰਿਹਾ ਹੈ। ਜਿਸ ਤੋਂ ਪ੍ਰੇਸ਼ਾਨ ਸਿਵਰੇਜ ਕਰਮਚਾਰੀਆਂ ਨੇ ਨਵਰਾਤਰਿਆਂ ਦੇ ਵਿੱਚ ਕੰਮਕਾਜ ਠੱਪ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।
ਸੀਵਰੇਜ ਕਰਮਚਾਰੀ ਯੂਨੀਅਨ ਦੇ ਅਹੁਦੇਦਾਰ ਦੀਪਕ ਗਿੱਲ ਅਤੇ ਤਰਸੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਮੌਤ ਤੋਂ ਬਾਅਦ ਕਈ ਸਾਲ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਤਰਸ ਦੇ ਅਧਾਰ ਤੇ ਕਰਮਚਾਰੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਸਨ। ਪਰ ਕਰੀਬ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਤਨਖਾਹਾਂ ਦਾ ਮੂੰਹ ਵੇਖਣਾ ਨਸੀਬ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਤਾਂ ਨਵਰਾਤਰਿਆਂ ਸੀਵਰੇਜ ਸਫਾਈ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀ ਤਨਖਾਹ ਲਈ ਹਰ ਮਹੀਨੇ ਦੀ 5 ਤਰੀਕ ਨਿਰਧਾਰਿਤ ਕੀਤੀ ਜਾਵੇ ਅਤੇ ਮੁਹੱਲਾ ਸੁਧਾਰ ਕਮੇਟੀ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।