ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ : ਅਕਾਲੀ ਆਗੂ

0
21

ਬੁਢਲਾਡਾ, 12 ਸਤੰਬਰ  (ਦਵਿੰਦਰ ਸਿੰਘ ਕੋਹਲੀ) —- ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦਰਮਿਆਨ ਇੱਕ-ਦੂਜੇ ਤੇ ਭਾਂਡਾ ਭੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਅਕਾਲੀ ਆਗੂ ਸ਼ਾਮ ਲਾਲ ਧਲੇਵਾਂ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ, ਜੁਗਰਾਜ ਸਿੰਘ ਰਾਜੂ ਦਰਾਕਾ, ਗੋਲਡੀ ਗਾਂਧੀ, ਰਮਨਦੀਪ ਸਿੰਘ ਗੁੜੱਦੀ ਨੇ ਕਿਹਾ ਕਿ ਐੱਸ.ਵਾਈ.ਐੱਲ ਨਹਿਰ ਦੇ ਵਿਵਾਦ ਦਾ ਕੇਂਦਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਇਹ ਕੇਂਦਰ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਸ ਤੇ ਕੋਈ ਵੀ ਸਟੈਂਡ ਨਹੀਂ, ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਇਹ ਗੱਲ ਕੇਂਦਰ ਅਤੇ ਹੋਰ ਸਰਕਾਰਾਂ ਤੇ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਨਹੀਂ ਹੋ ਸਕਦੀ। ਪੰਜਾਬ ਦੀ ਵਿਧਾਨ ਸਭਾ ਨੇ ਇਸ ਬਾਰੇ ਮਤੇ ਵੀ ਪਾਸ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਜਾਂ ਹੋਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਦੀ ਗੱਲ ਹੋਵੇ ਜਾਂ ਪਾਣੀਆਂ ਦਾ ਮਸਲਾ ਇਸ ਉੱਤੇ ਚੁੱਪ ਕਰਕੇ ਨਹੀਂ ਬੈਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖੇਤੀ ਕਰਕੇ ਪੰਜਾਬ ਦਾ ਵੱਡਾ ਹਿੱਸਾ ਬੰਜਰ ਬਣ ਰਿਹਾ ਹੈ। ਦਰਿਆਵਾਂ ਵਿੱਚ ਪਾਣੀ ਦੇ ਵਹਾਅ ਬਾਰੇ ਤੱਥ ਬਦਲ ਚੁੱਕੇ ਹਨ। ਪੰਜਾਬ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦੀ ਹਾਲਤ ਵਿੱਚ ਨਹੀਂ ਹੈ। ਸਤਲੁਜ –ਯਮੁਨਾ ਲਿੰਕ ਨਹਿਰ ਦੀ ਸਮੱਸਿਆ ਵੰਡ ਪਾਊ ਸਿਆਸਤ ਦੀ ਪੈਦਾਵਾਰ ਹੈ। ਇਸ ਨੂੰ ਉਭਾਰਨਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ। ਉਨ੍ਹਾਂ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹਿਣ ਦਿੱਤਾ ਜਾਵੇ।

NO COMMENTS

LEAVE A REPLY