ਹਰੇਕ ਵੀਰਵਾਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ
ਨਾਜਾਇਜ ਉਸਾਰੀ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ -ਕਮਿਸ਼ਨਰ ਨਗਰ ਨਿਗਮ
ਅੰਮ੍ਰਿਤਸਰ 14 ਜੁਲਾਈ (ਪਵਿੱਤਰ ਜੋਤ) : ਸ਼ਹਿਰ ਅੰਦਰ ਚਲ ਰਹੀ ਨਾਜਾਇਜ ਉਸਾਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾਜਾਇਜ ਉਸਾਰੀ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਜਾਇਜ ਉਸਾਰੀ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਨਾਂ ਸਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਕੁਮਾਰ ਸੌਰਭ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਲੋਕ ਆਪਣੀ ਕਿਸੇ ਵੀ ਮੁਸ਼ਕਲ ਲਈ ਉਨਾਂ ਨੂੰ ਹਰੇਕ ਵੀਰਵਾਰ 11:00 ਵਜੇ ਤੋਂ 2:00 ਵਜੇ ਤੱਕ ਮਿਲ ਸਕਦੇ ਹਨ। ਉਨਾਂ ਕਿਹਾ ਕਿ ਹਰੇਕ ਸ਼ਿਕਾਇਤ ਦਾ ਮਿੱਥੇ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਹਰੇਕ 15 ਦਿਨਾਂ ਬਾਅਦ ਪੁਰਾਣੀ ਸ਼ਿਕਾਇਤਾਂ ਦਾ ਰੀਵਿਊ ਵੀ ਕੀਤਾ ਜਾਵੇਗਾ ਅਤੇ ਨਗਰ ਨਿਗਮ ਦਾ ਹਰੇਕ ਅਧਿਕਾਰੀ ਮਿੱਥੇ ਸਮੇਂ ਦੌਰਾਨ ਸ਼ਿਕਾਇਤ ਤੇ ਕਾਰਵਾਈ ਕਰਕੇ ਰਿਪੋਰਟ ਕਰੇਗਾ।
ਅੱਜ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਮੇਂ ਨਗਰ ਨਿਗਮ ਦੇ ਇਕ ਸੇਵਾਮੁਕਤ ਮੁਲਾਜ਼ਮ ਵਲੋਂ ਸ਼ਿਕਾਇਤ ਦਿੱਤੀ ਗਈ ਕਿ ਉਸਦੀ ਸਰਵਿਸ ਬੁੱਕ ਨਹੀਂ ਮਿਲ ਰਹੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਨੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਰਵਿਸ ਬੁੱਕ ਗੁੰਮ ਹੋਣ ਦੀ ਐਫ.ਆਈ.ਆਰ. ਤੁਰੰਤ ਦਰਜ਼ ਕਰਵਾਈ ਜਾਵੇ ਅਤੇ 15 ਦਿਨਾਂ ਦੇ ਅੰਦਰ ਅੰਦਰ ਨਵੀਂ ਸਰਵਿਸ ਬੁੱਕ ਤਿਆਰ ਕੀਤੀ ਜਾਵੇ ਤਾਂ ਜੋ ਸੇਵਾਮੁਕਤ ਮੁਲਾਜ਼ਮ ਨੂੰ ਉਸਦੇ ਪੈਨਸ਼ਨਰੀ ਲਾਭ ਮਿਲ ਸਕਣ। ਇਸ ਮੌਕੇ ਕਰੀਬ 20 ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਨਾਂ ਸ਼ਿਕਾਇਤਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਕਮਿਸ਼ਨਰ ਨਗਰ ਨਿਗਮ ਨੇ ਅਸਟੇਟ ਅਫ਼ਸਰ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ ਕਬਜੇ ਤੁਰੰਤ ਹਟਾਏ ਜਾਣ। ਪ੍ਰੈਸ ਪੱਤਰਕਾਰਾਂ ਨੇ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਮੀਂਹ ਕਾਰਨ ਕਈ ਥਾਵਾਂ ਤੇ ਸੀਵਰੇਜ ਜਾਮ ਹੋਣ ਕਰਕੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ਤੇ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਵਲੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੂੰ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਦਰੁਸੱਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ੍ਰੀ ਕੁਮਾਰ ਨੇ ਦੱਸਿਆ ਕਿ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਐਕਸੀਐਨ ਸੰਦੀਪ ਸਿੰਘ, ਸੁਖਵਿੰਦਰ ਮੱਲੀ, ਪਲਵਿੰਦਰ ਸਿੰਘ, ਐਸ.ਈ. ਦਪਿੰਦਰ ਸਿੰਘ ਸੰਧੂ, ਐਸ.ਈ. ਸਤਿੰਦਰ ਕੁਮਾਰ, ਐਮ.ਟੀ.ਪੀ. ਸ੍ਰੀ ਰਜਨੀਸ਼ ਵਧਵਾ, ਅਸਟੇਟ ਅਫ਼ਸਰ ਸ: ਧਰਮਿੰਦਰ ਸਿੰਘ, ਸੂੁਪਰਡੰਟ ਇਸ਼ਤਿਹਾਰ ਸ: ਪੁਸ਼ਪਿੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ।