ਹੱਦ ਹੋ ਗਈ ਯਾਰ…… ਕੰਪਨੀ ਬਾਗ ਵਿਖੇ ਹੋ ਰਹੀ ਹੈ ਹਜ਼ਾਰਾਂ ਲੀਟਰ ਪਾਣੀ ਦੀ ਬਰਬਾਦੀ

0
78

 

ਅੱਜ ਵੀ ਨਾ ਜਾਗੇ,ਤਾਂ ਆਉਣ ਵਾਲੀ ਪੀੜ੍ਹੀ ਨਹੀਂ ਕਰੇਗੀ ਮਾਫ
________
ਕੁੰਭਕਰਨੀ ਨੀਂਦ ਸੁੱਤੇ ਨਿਗਮ ਦੇ ਅਧਿਕਾਰੀ,ਕਰਮਚਾਰੀ
__________
ਅੰਮ੍ਰਿਤਸਰ,10 ਜੁਲਾਈ (ਪਵਿੱਤਰ ਜੋਤ)- ਜਮੀਨੀ ਪੱਧਰ ਤੋਂ ਦਿਨ-ਬ-ਦਿਨ ਡਿਗਦੇ ਪਾਣੀ ਦੇ ਚਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਦੋ ਘੁੱਟ ਪਾਣੀ ਪੀਣਾ ਵੀ ਮੁਸ਼ਕਿਲ ਹੋ ਜਾਵੇਗਾ। ਹਿੰਦੂਸਤਾਨ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਅਜਿਹੇ ਮਾੜੇ ਦਿਨ ਦੇਖਣ ਨੂੰ ਮਿਲਣੇ ਸ਼ੁਰੂ ਹੋ ਚੁੱਕੇ ਹਨ। ਪਿਆਸ ਬੁਝਾਉਣ ਲਈ ਲੋਕ ਕਈ-ਕਈ ਕਿਲੋਮੀਟਰ ਦਾ ਪੈਦਲ ਜਾਂ ਵਾਹਨਾਂ ਤੇ ਸਫ਼ਰ ਕਰ ਕੇ ਘਰੇਲੂ ਇਸਤੇਮਾਲ ਲਈ ਪਾਣੀ ਲਿਆਉਣ ਲਈ ਮਜਬੂਰ ਹੋ ਰਹੇ ਹਨ। ਪਰ ਕਈ ਪੜੇ ਲਿਖੇ ਲੋਕ ਵੀ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਜਾਗਰੂਕ ਨਹੀਂ ਹਨ ਜਾਂ ਜਾਗਰੂਕ ਨਾ ਹੋਂਣ ਦਾ ਢੌਂਗ ਕਰ ਰਹੇ ਹਨ। ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਪਾਣੀ ਦਾ ਇੱਕ-ਇੱਕ ਤੁਪਕਾ ਬਚਾਉਣ ਲਈ ਲੋਕਾਂ ਅੱਗੇ ਗੁਹਾਰ ਲਗਾ ਰਹੇ ਹਨ। ਪਰ ਨਾਜਾਇਜ਼ ਤਰੀਕੇ ਨਾਲ ਪਾਣੀ ਦੀ ਬਰਬਾਦੀ ਲਗਾਤਾਰ ਜਾਰੀ ਹੈ।
ਪਾਣੀ ਦੀ ਬਰਬਾਦੀ ਨੂੰ ਲੈ ਕੇ ਮਾੜੇ ਹਾਲਾਤ ਕੰਪਨੀਬਾਗ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲ ਰਹੇ ਹਨ। ਲੱਖਾਂ -ਹਜ਼ਾਰਾਂ ਦੀਆਂ ਸਰਕਾਰੀ ਤਨਖਾਹਾਂ ਲੈਣ ਵਾਲੇ ਬਾਬੂ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਫੇਲ ਸਾਬਤ ਹੋ ਰਹੇ ਹਨ। ਹਾਲਾਂ ਕਿ ਅੰਮ੍ਰਿਤਸਰ ਦੇ ਮੇਅਰ ਵੀ ਕੰਪਨੀ ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਆਪਣਾ ਦਰਬਾਰ ਸਜਾਉਂਦੇ ਹਨ। ਕੰਪਨੀ ਬਾਗ ਦੀ ਦੇਖ-ਰੇਖ ਅਤੇ ਸੰਭਾਲ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਵੀ ਲੱਗਭਗ ਪੇਨੋਰਮਾ ਕੰਪਨੀ ਬਾਗ ਵਿਖੇ ਹਾਜ਼ਰੀਆਂ ਭਰਦੇ ਹਨ। ਪਰ ਨਿਗਮ ਪ੍ਰਸ਼ਾਸਨ ਦੇ ਵਿਗੜੇ ਢਾਂਚੇ ਨੂੰ ਲੈ ਕੇ ਵੱਡਾ ਸੁਆਲ ਹੈ ਕਿ ਕੰਪਨੀ ਬਾਗ ਦੇ ਜਗ੍ਹਾ-ਜਗ੍ਹਾ ਤੇ ਪਾਣੀ ਦੀ ਹੋ ਰਹੀ ਬਰਬਾਦੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਪਿਛਲੇ ਕਈ ਸਾਲਾਂ ਦੇ ਦੌਰਾਨ ਜਮੀਨੀ ਪਾਣੀ ਦੇ ਚਲਦਿਆਂ ਦਰਜਨਾਂ ਟਿਊਬਵੈਲਾਂ ਦੇ ਬੋਰ ਬੈਠ ਚੁੱਕੇ ਹਨ। ਅੰਮ੍ਰਿਤਸਰ ਵਿੱਚ ਕੁਝ ਸਾਲ ਪਹਿਲਾਂ ਹੈਂਡ ਪੰਪ ਦਾ ਕਰੀਬ 45 ਫੁੱਟ ਡੂੰਘਾ ਮਿਲਣ ਵਾਲਾ ਪਾਣੀ ਸੈਂਕੜੇ ਫੁੱਟ ਡੂੰਘਾ ਜਾ ਚੁੱਕਾ ਹੈ। ਅੱਜ ਵੀ ਅਸੀਂ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ। ਆਉਣ ਵਾਲੀਆਂ ਪੀੜੀਆਂ ਦਾ ਲੋਕ ਸਾਨੂੰ ਕਦੇ ਮਾਫ ਨਹੀਂ ਕਰਨਗੇ। ਨਿਗਮ ਵਿਭਾਗ ਵੱਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਚਲਾਣ ਕੱਟਣ ਅਤੇ ਹੋਰ ਦਾਅਵੇ ਹਵਾ ਹਵਾਈ ਹੋ ਰਹੇ ਹਨ। ਇੰਜ ਪ੍ਰਤੀਤ ਹੋ ਰਿਹਾ ਹੈ ਕਿ ਡਿਊਟੀ ਤੇ ਤਾਇਨਾਤ ਸੁਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਗਾਉਣ ਲਈ ਕੋਈ ਕੜਕਦਾਰ ਨੇਤਾ ਜਾਂ ਉੱਚਅਧਿਕਾਰੀ ਤੈਨਾਤ ਹੀ ਨਹੀਂ ਹੈ। ਆਉਣ ਵਾਲੀਆਂ ਪੀੜੀਆਂ ਦੇ ਲਈ ਪਾਣੀ ਬਚਾਉਣ ਲਈ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਈ ਖਾਸ ਉਪਰਾਲੇ ਕਰਦਾ ਹੈ,ਕਿ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

NO COMMENTS

LEAVE A REPLY