ਪ੍ਰਧਾਨ ਮੰਤਰੀ ਮੋਦੀ ਦੀ ਵਿਚਾਰਧਾਰਾ ਅਤੇ ਪਹਿਲਦਮੀਆਂ ਨੇ ਬਦਲੀ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਭਾਰਤੀ ਲੋਕਾਂ ਦੀ ਧਾਰਨਾ

0
22

ਭਾਰਤ ਨੂੰ ਹਿੰਸਾ ਅਤੇ ਅਤਿਵਾਦ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਅੰਮ੍ਰਿਤਸਰ 4 ਜੁਲਾਈ (ਪਵਿੱਤਰ ਜੋਤ) :  ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਰਾਜਸਥਾਨ ਦੇ ਉਦੇਪੁਰ ਵਿਚ ਹਿੰਦੂ ਦਰਜ਼ੀ ਕਨ੍ਹਈਆ ਲਾਲ ਅਤੇ ਮਹਾਰਾਸ਼ਟਰ ਦੇ ਅਮਰਾਵਤੀ ’ਚ ਕੈਮਿਸਟ ਉਮੇਸ਼ ਕੋਲਹੇ ਦੀਆਂ ਬੇਰਹਿਮ ਹੱਤਿਆਵਾਂ ਭਾਰਤ ’ਚ ਹਿੰਸਾ ਭੜਕਾਉਣ ਲਈ ਸਨ, ਜਿਨ੍ਹਾਂ ਪ੍ਰਤੀ ਭਾਰਤੀ ਸਮਾਜ ਵੱਲੋਂ ਦੇਸ਼ ਭਰ ’ਚ ਰੋਸ ਮੁਜ਼ਾਰਿਆਂ ਰਾਹੀਂ ਪਾਕਿਸਤਾਨ ਅਤੇ ਇਸ ਦੀ ਕੱਟੜਪੰਥੀ ਅਤਿਵਾਦੀ ਸਮੂਹ ਦਾਵਤ ਏ ਇਸਲਾਮ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਭਾਰਤ ਨੂੰ ਹਿੰਸਾ ਅਤੇ ਅਤਿਵਾਦ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਹੈ। ਪ੍ਰੋ: ਖਿਆਲਾ ਨੇ ਕਿਹਾ ਕਿ ਭਾਰਤੀ ਸਮਾਜ ’ਚ ਭਾਰੀ ਰੋਸ ਦੇ ਬਾਵਜੂਦ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਦਾ ਨਾ ਵਾਪਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਵਿਚਾਰਧਾਰਾ ਅਤੇ ਸਾਰਥਿਕ ਪਹਿਲਕਦਮੀਆਂ ਦਾ ਨਤੀਜਾ ਹੈ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਦੇਸ਼ ਵਿੱਚੋਂ ਨਫ਼ਰਤ ਦੀ ਰਾਜਨੀਤੀ ਦਾ ਹੌਲੀ-ਹੌਲੀ ਖ਼ਾਤਮਾ ਹੋ ਰਿਹਾ ਹੈ ਅਤੇ ਕੱਟੜਵਾਦ ਤੇ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਭਾਰਤੀ ਲੋਕਾਂ ਦੀ ਧਾਰਨਾ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਬੁਲਾਰਾ ਨੂਪੁਰ ਸ਼ਰਮਾ ਨੇ ਕੁਝ ਦਿਨ ਪਹਿਲਾਂ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਉਸੇ ਵਕਤ ਭਾਜਪਾ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਂਦਿਆਂ ਮੁਸਲਿਮ ਸਮਾਜ ਦੀ ਤਸੱਲੀ ਕਰਾਈ। ਇੰਨਾ ਹੀ ਨਹੀਂ, ਭਾਜਪਾ ਨੇ ਸਪਸ਼ਟ ਕੀਤਾ ਹੈ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਕਿਸੇ ਵੀ ਧਰਮ ਜਾਂ ਧਾਰਮਿਕ ਸ਼ਖ਼ਸੀਅਤ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਭਾਰਤ ਨੂੰ ਇੱਕ ਮਹਾਨ ਦੇਸ਼ ਬਣਾਉਣ ਲਈ ਆਪਣੀ ਵਚਨਬੱਧਤਾ ਦਿਖਾਈ ਹੈ ਜਿੱਥੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਹੈ। ਇਹੀ ਕਾਰਨ ਹੈ ਕਿ ਅੱਜ ਦਾ ਭਾਰਤੀ ਸਮਾਜ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ, ਅਤਿਵਾਦੀ ਅਤੇ ਉਨ੍ਹਾਂ ਦੀਆਂ ਸਲੀਪਰ ਸੈਲ ਨੂੰ ਕਰਾਰਾ ਜਵਾਬ ਦੇਣ ਦੇ ਸਮਰੱਥ ਹੈ। ਹਾਲ ਹੀ ’ਚ ਮੁਸਲਮਾਨ ਕਾਤਲਾਂ ਵੱਲੋਂ ਕਨ੍ਹਈਆ ਲਾਲ ਦੀ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵੱਲੋਂ ਬੇਮਿਸਾਲ ਇਕ ਜੁਟਤਾ ਦਾ ਪ੍ਰਗਟਾਵਾ ਦੇਖਿਆ ਗਿਆ। ਨਫ਼ਰਤ ਅਤੇ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਨਾ ਹੀ ਕੋਈ ਧਰਮ ਅਜਿਹੇ ਕਤਲਾਂ ਦੀ ਇਜਾਜ਼ਤ ਦਿੰਦਾ ਹੈ। ਫਿਰ ਵੀ ਉਦੈਪੁਰ ਵਰਗੇ ਮਾਮਲਿਆਂ ਵਿੱਚ ਫਿਰਕੂ ਹਿੰਸਾ ਵੱਟ ’ਤੇ (ਆਮ ਗੱਲ) ਸੀ। ਬਦਲਦੀ ਭਾਰਤੀ ਮਾਨਸਿਕਤਾ ਤਹਿਤ ਹਿੰਦੂ-ਮੁਸਲਿਮ ਭਾਈਚਾਰਿਆਂ ਅਤੇ ਸੰਗਠਨਾਂ ਨੇ ਇਸ ਸਬੰਧੀ ਹਿੰਸਾ ਦੇ ਬਦਲੇ ਹਿੰਸਾ ਦਾ ਰਾਹ ਨਹੀਂ ਅਪਣਾਇਆ। ਹਿੰਦੂ ਸਮਾਜ ਨੇ ਨਿਵੇਕਲਾ ਸਬਰ ਦਿਖਾਉਂਦਿਆਂ ਵਿਆਪਕ ਰੋਸ ਦੇ ਬਾਵਜੂਦ ਠਰ੍ਹੰਮੇ ਤੋਂ ਕੰਮ ਲੈਂਦਿਆਂ ਵੱਖ-ਵੱਖ ਸ਼ਹਿਰਾਂ ’ਚ ਵਿਰੋਧ ਵਿੱਚ ਰੋਸ ਮਾਰਚ ਕੱਢੇ ਗਏ। ਇਸ ਦੇ ਨਾਲ ਹੀ ਮੁਸਲਿਮ ਆਗੂਆਂ ਨੇ ਨਾ ਸਿਰਫ਼ ਇਸ ਵਹਿਸ਼ੀ ਕਾਰੇ ਦੀ ਸਖ਼ਤ ਨਿਖੇਧੀ ਕੀਤੀ, ਸਗੋਂ ਦੋਸ਼ੀਆਂ ਖ਼ਿਲਾਫ਼ ਬੇਮਿਸਾਲ ਕਾਰਵਾਈ ਦੀ ਮੰਗ ਵੀ ਕੀਤੀ। ਕਾਨਪੁਰ, ਯੂ ਪੀ ਵਿੱਚ ਮੁਸਲਿਮ ਧਾਰਮਿਕ ਵਿਦਵਾਨਾਂ ਦੇ ਉਲੇਮਾ ਦੀ ਇੱਕ ਮੀਟਿੰਗ ਦੌਰਾਨ, ਕਈ ਨਫੀਸਾਂ ਨੇ ਸਰਬਸੰਮਤੀ ਨਾਲ ਉਕਤ ਹੱਤਿਆ ਨੂੰ ਸਮਾਜ ਵਿਰੋਧੀ, ਗੈਰ-ਇਸਲਾਮਿਕ, ਗੈਰ ਸ਼ਰੱਈ ਅਤੇ ਮੁਸਲਮਾਨਾਂ ਦੇ ਅਕਸ ਨੂੰ ਢਾਹੂ ਕਰਾਰ ਦਿੱਤਾ। ਆਲ ਇੰਡੀਆ ਪਰਸਨਲ ਲਾਅ ਬੋਰਡ ਨੇ ਇਸ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਉਦੈਪੁਰ ਘਟਨਾ ਤੋਂ ਬਾਅਦ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਨੂਪੁਰ ਨੂੰ ਫਟਕਾਰ ਲਗਾਈ ਗਈ। ਦੇਸ਼ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਫ਼ਿਲਮਕਾਰਾਂ ਤੱਕ ਇਸ ਵਰਤਾਰੇ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ। ਸੈਂਕੜੇ ਵਕੀਲਾਂ ਨੇ ਵੀ ਦੋਸ਼ੀਆਂ ਦਾ ਕੇਸ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਕਈ ਸਮਾਜਿਕ ਸੰਸਥਾਵਾਂ ਨੇ ਪਰਿਵਾਰ ਲਈ ਆਰਥਿਕ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਅਪੀਲ ਰਾਹੀਂ ਡੇਢ ਕਰੋੜ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਤਲ ਰਿਆਜ਼ ਅਖਤਾਰੀ ਅਤੇ ਗ਼ੌਸ ਮੁਹੰਮਦ ਦਾ ਸੰਬੰਧ ਇਸਲਾਮੀ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੇ ਕਰਾਚੀ ਤੋਂ ਸੰਚਾਲਿਤ ਅੱਤਵਾਦੀ ਸਮੂਹ ਦਾਵਤ-ਏ-ਇਸਲਾਮੀ ਨਾਲ ਹੈ। ਜਿਸ ਦੇ 40 ਤੋਂ ਵਧ ਸਲੀਪਰ ਸੈਲ ਸਰਗਰਮ ਹਨ। ਜਿਨ੍ਹਾਂ ਦਾ ਉਦੇਸ਼ ਭਾਰਤ ਵਿੱਚ ਅਤਿਵਾਦ ਪੈਦਾ ਕਰਕੇ ਲੋਕਾਂ ਵਿੱਚ ਡਰ ਅਤੇ ਸਮਾਜਿਕ ਤੇ ਸਿਆਸੀ ਅਰਾਜਕਤਾ ਫੈਲਾਉਣਾ ਹੈ। ਬੇਸ਼ੱਕ, ਪਾਕਿਸਤਾਨ ਆਪਣੇ ਸੁਭਾਅ ਮੁਤਾਬਿਕ ਇਸ ਕਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰੀ ਹੈ। ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਦੀ ਅੱਤਵਾਦ ਨੂੰ ਉਤਸ਼ਾਹਿਤ ਕਰਨ ਅਤੇ ਫੰਡਿੰਗ ਕਰਨ ਵਰਗੀਆਂ ਨਕਾਰਾਤਮਿਕ ਗਤੀਵਿਧੀਆਂ ਲਈ ’ਵਿਸ਼ਵ ਹਵਾਲਾ ਰਾਸ਼ੀ ਤੇ ਅਤਿਵਾਦ ਵਿੱਤੀ ਪੋਸ਼ਣ ਨਿਗਰਾਨ’ ਦੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਅੱਜ ਵੀ ਪਾਕਿਸਤਾਨ ਨੂੰ “ਗ੍ਰੇ ਸੂਚੀ” ਵਿੱਚ ਪਾਇਆ ਹੋਇਆ ਹੈ।

NO COMMENTS

LEAVE A REPLY