ਸਕੂਲਾਂ ਵਿਚ ਸਿੱਖਿਆ ਦੇ ਮਾਹੌਲ ਨੂੰ ਬਣਾਵਾਂਗੇ ਸੁਖਾਵਾਂ-ਹਰਭਜਨ ਸਿੰਘ

0
19

ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਰਾਣਾਕਲਾਂ ਵਿਖੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ
ਸਿੱਖਿਆ ਤੇ ਸਿਹਤ ਵਿਚ ਸੁਧਾਰ ਲਿਆਉਣਾ ਸਾਡੀ ਸਰਕਾਰ ਦੀ ਮੁਢਲੀ ਤਰਜੀਹ
ਅੰਮ੍ਰਿਤਸਰ 23 ਮਈ (ਪਵਿੱਤਰ ਜੋਤ) : ਸਕੂਲਾਂ ਵਿਚ ਸਿੱਖਿਆ ਦੇ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇਗਾ ਤਾਂ ਜੋ ਬੱਚਿਆ ਨੂੰ ਸਮੇ ਦਾ ਹਾਣੀ ਬਣਾਇਆ ਜਾ ਸਕੇ। ਸਾਡੀ ਸਰਕਾਰ ਦੀ ਮੁਢਲੀ ਤਰਜੀਹ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸੁਧਾਰ ਲਿਆਉਣਾ ਹੈ,ਇਸ ਲਈ ਜਲਦ ਹੀ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ ਟੀ ਓ ਬਿਜਲੀ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਹਲਕੇ ਦੇ ਸਰਕਾਰੀ ਐਲੀਮੈਟਰੀ ਸਕੂਲ ਰਾਣਾਕਲਾਂ ਵਿਖੇ ਸਮਾਰਟ ਪ੍ਰਾਇਮਰੀ ਕਲਾਸ ਰੂਮ ਅਤੇ ਸਕੂਲ ਦੇ ਗੇਟ ਦਾ ਉਦਘਾਟਨ ਕਰਨ ਪਿਛੋਂ ਕੀਤਾ। ਸ: ਹਰਭਜਨ ਸਿੰਘ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਤੋ ਹੀ ਬੱਚਿਆਂ ਦਾ ਅਧਾਰ ਬਣਦਾ ਹੈ ਤਾਂ ਹੀ ਬੱਚੇ ਅੱਗੇ ਜਾ ਕੇ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੀ ਪੜਾਈ ਸਰਕਾਰੀ ਸਕੂਲ ਵਿਚ ਹੀ ਕੀਤੀ ਹੈ ਅਤੇ ਉਹ ਖੁਦ ਉਸ ਸਕੂਲ ਵਿਚ ਅਧਿਆਪਕ ਰਹੇ ਹਨ ਜਿਥੇ ਉਨ੍ਹਾਂ ਨੇ ਆਪਣੀ ਪੜਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੀ ਪੜਾਈ ਤੋ ਕਾਫੀ ਬਿਹਤਰ ਹਨ ਅਤੇ ਹੁਣ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਵੀ ਜੋੜਿਆ ਜਾਵੇਗਾ।
ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਨੇ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਬਲਾਕ ਵਿਚੋਂ ਆਪਣੇ ਸਕੂਲ ਦੀ ਦਾਖਲਾ ਪ੍ਰਤੀਸ਼ਤਤਾ ਵਿਚ ਕਾਫੀ ਵਾਧਾ ਕੀਤਾ ਹੈ। ਉਨ੍ਹਾਂ ਨੇ ਸਕੂਲ ਦੀ ਇਨਰੋਲਮੈਟ ਵਿਚ ਵਾਧਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਤ ਵੀ ਕੀਤਾ ਅਤੇ ਐਲਾਨ ਕੀਤਾ ਕਿ ਜ਼ਲਦ ਹੀ ਇਸ ਸਕੂਲ ਵਿਚ ਤਿਨ ਨਵੇ ਕਮਰੇ,ਬਰਾਂਡਾ ਅਤੇ ਸਕੂਲ ਦੀ ਚਾਰਦੀਵਾਰੀ ਕਰਵਾਈ ਜਾਵੇਗੀ। ਇਸ ਮੌਕੇ ਪਿੰਡ ਵਾਸੀ ਸ: ਰਣਜੀਤ ਸਿੰਘ ਕਲੇਰ ਦੀ ਸਹਾਇਤਾ ਨਾਲ ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਵਲੋ ਸਕੂਲੀ ਬੱਚਿਆਂ ਨੂੰ 100 ਸਕੂਲ ਬੈਗ ਵੀ ਵੰਡੇ ਗਏ।
ਇਸ ਮੌਕੇ ਜਿਲਾ੍ਹ ਸਿੱਖਿਆ ਅਫਸਰ ਐਲੀਮੈਟਰੀ ਸ਼੍ਰੀ ਰਾਜੇਸ਼ ਸ਼ਰਮਾ, ਬਲਾਕ ਸਿੱਖਿਆ ਅਫਸਰ, ਸ਼੍ਰੀ ਯਸ਼ਪਾਲ,ਹੈਡ ਅਧਿਆਪਕ ਸ: ਰਜਿੰਦਰ ਸਿੰਘ, ਅਧਿਆਪਕ ਸ: ਜਸਕਰਨ ਸਿੰਘ,ਸ਼੍ਰੀਮਤੀ ਬਲਵਿੰਦਰ ਕੌਰ,ਮਿਸ ਸਿਮਰਜੀਤ ਕੌਰ, ਕੋਆਡੀਨੇਟਰ ਸ਼੍ਰੀ ਮਨੀਸ਼ ਕੁਮਾਰ, ਸ਼੍ਰੀ ਸੰਦੀਪ ਸਿਆਲ, ਸ਼੍ਰੀ ਰਵੀ ਭਾਰਦਵਾਜ਼,ਸ: ਮਲਕੀਤ ਸਿੰਘ ਭੁੱਲਰ,ਸ਼੍ਰੀ ਵਿਜੇ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

NO COMMENTS

LEAVE A REPLY