ਸੁਰਿੰਦਰ ਸਿੰਘ ਨੇ ਸੰਭਾਲਿਆ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਅਹੁਦਾ

0
17

-ਤਿੰਨ ਵਾਰ ਮੁੱਖ ਮੰਤਰੀ ਕੋਲੋਂ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਸੁਰਿੰਦਰ ਸਿੰਘ
ਅੰਮ੍ਰਿਤਸਰ, 5 ਮਈ (ਪਵਿੱਤਰ ਜੋਤ )-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ਸੰਨ 2013 ਵਿਚ ਅਚਨਚੇਤ ਆਏ ਹੜ੍ਹ ਦੌਰਾਨ ਦਿਨ-ਰਾਤ ਕੰਮ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਉਸ ਵੇਲੇ ਦੇ ਐਸ ਡੀ ਐਮ ਅਜਨਾਲਾ ਸ੍ਰੀ ਸੁਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਹਵਾਈ ਫੌਜ ਵਿਚੋਂ ਸੇਵਾ ਮੁਕਤ ਹੋਣ ਮਗਰੋਂ ਸੰਨ 2012 ਬੈਚ ਵਿਚ ਪੀ ਸੀ ਐਸ ਅਧਿਕਾਰੀ ਚੁਣੇ ਗਏ ਸ੍ਰੀ ਸੁਰਿੰਦਰ ਸਿੰਘ ਇਸ ਵੇਲੇ ਮੋਗਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਕਾਰਪੋਰੇਸ਼ਨ ਮੋਗਾ ਵਜੋਂ ਤਾਇਨਾਤ ਸਨ ਅਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਉਨਾਂ ਦਾ ਤਬਾਦਲਾ ਅੰਮ੍ਰਿਤਸਰ ਲਈ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਐਸ ਡੀ ਐਮ ਅਜਨਾਲਾ, ਐਸ ਡੀ ਐਮ ਪੱਟੀ, ਐਸ ਡੀ ਐਮ ਤਰਨਤਾਰਨ, ਕਮਿਸ਼ਨਰ ਪਾਠਨਕੋਟ, ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜੁਇੰਟ ਕਮਿਸ਼ਨਰ, ਡਿਪਟੀ ਡਾਇਰੈਕਟਰ ਲੋਕਲ ਬਾਡੀ ਅੰਮ੍ਰਿਤਸਰ, ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਕੰਮ ਕਰਦੇ ਹੋਏ ਆਪਣੀ ਮਿਹਨਤ ਅਤੇ ਲਿਆਕਤ ਦਾ ਲੋਹਾ ਮਨਾ ਚੁੱਕੇ ਹਨ। ਸ੍ਰੀ ਸੁਰਿੰਦਰ ਸਿੰਘ ਨੂੰ ਵੱਖ-ਵੱਖ ਸੇਵਾਵਾਂ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਲਈ ਅਜਨਾਲਾ ਵਿਖੇ ਬਤੌਰ ਐਸ ਡੀ ਐਮ ਹੜ੍ਹਾਂ ਦੌਰਾਨ ਥੋੜ੍ਹੇ ਸਮੇਂ ਦੇ ਨੋਟਿਸ ਉਤੇ ਕੀਤੇ ਗਏ ਪ੍ਰਬੰਧਾਂ ਲਈ, ਪੱਟੀ ਵਿਖੇ ਐਸ ਡੀ ਐਮ ਵਜੋਂ ਕੰਮ ਕਰਦੇ ਨਸ਼ਾ ਮੁਕਤੀ ਲਈ ਪਾਏ ਗਏ ਯੋਗਦਾਨ ਲਈ ਅਤੇ ਸ੍ਰੀ ਰਾਮਤੀਰਥ ਵਿਖੇ ਹੋਏ ਰਾਜ ਪੱਧਰੀ ਸਮਾਗਮਾਂ ਦੌਰਾਨ ਕੀਤੇ ਗਏ ਕੰਮ ਲਈ ਤਿੰਨ ਵਾਰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਅੱਜ ਅਹੁਦਾ ਸੰਭਾਲਣ ਮੌਕੇ ਉਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਫਿਰ ਗੁਰੂ ਨਗਰੀ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਲੋਕਾਂ ਦੇ ਜਿਲ੍ਹਾ ਪ੍ਰਸਾਸ਼ਨ ਨਾਲ ਜੁੜੇ ਕੰਮ ਤਰਜੀਹੀ ਅਧਾਰ ਉਤੇ ਹੋਣ।

NO COMMENTS

LEAVE A REPLY