ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਅਨੰਦ ਕਾਰਜ ਕਰਵਾਏ

0
19

ਹਰ ਮਹੀਨੇ 4 ਲੋੜਵੰਦ ਲਡ਼ਕੀਆਂ ਦੇ ਕੀਤੇ ਜਾਣਗੇ ਵਿਆਹ : ਹੇਰ

ਅੰਮ੍ਰਿਤਸਰ,19 ਅਪ੍ਰੈਲ (ਪਵਿੱਤਰ ਜੋਤ)- ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਵੱਡੇ ਸੇਵਾ ਕਾਰਜ ਨਿਭਾਅ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਯਾਦਗਾਰ ਭਾਈ ਅਮਰ ਸਿੰਘ,ਮੀਰਾਂਕੋਟ ਕਲਾਂ ਵਿਖੇ ਦੋ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਅਨੰਦ ਕਾਰਜ ਕਰਵਾਏ ਗਏ ।
ਗੁਰਦੁਆਰਾ ਕਮੇਟੀ ਦੇ ਵੱਡੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਆਹ ਸਮਾਗਮ ਦੌਰਾਨ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਨਵਜੀਤ ਘਈ ਚੁਗਾਵਾਂ ਨੇ ਨਵ ਵਿਆਹੁਤਾ ਜੋਡ਼ਿਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਡਾ.ਉਬਰਾਏ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਹਰ ਖੇਤਰ ਅੰਦਰ ਵੱਡੇ ਸੇਵਾ ਕਾਰਜ ਨਿਭਾਏ ਜਾ ਰਹੇ ਹਨ ਉਥੇ ਹੀ ਹੁਣ ਹਰ ਜ਼ਿਲ੍ਹੇ ਅੰਦਰ ਹਰ ਮਹੀਨੇ ਚਾਰ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ।ਇਸ ਤੋਂ ਇਲਾਵਾ ਟਰੱਸਟ ਦੇ ਅਹੁਦੇਦਾਰਾਂ ਨੇ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਮਾਜ ਭਲਾਈ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਵਿਆਹੁਤਾ ਜੋੜਿਆਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸ਼ਗਨ ਵਜੋਂ ਇੱਕ ਡਬਲ ਬੈੱਡ,ਗੱਦੇ,ਪੱਖਾ,ਸਲਾਈ ਮਸ਼ੀਨ,ਕੱਪੜੇ,ਗਰਮ-ਠੰਢੇ ਬਿਸਤਰਿਆਂ ਤੋਂ ਇਲਾਵਾ ਭਾਂਡੇ ਆਦਿ ਦਿੱਤੇ ਗਏ।
ਇਸ ਮੌਕੇ ਬਾਬਾ ਕਰਨਪ੍ਰੀਤ ਸਿੰਘ ਜੀ, ਰਸ਼ਪਾਲ ਸਿੰਘ ਜੇ.ਈ.,ਮਾਹਲ ਸਾਬ, ਗੁਰਮੁੱਖ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਗਗਨਦੀਪ ਸਿੰਘ, ਜਸਵਿੰਦਰ ਸਿੰਘ ਬਾਦਲ, ਭਗਵੰਤ ਸਿੰਘ, ਨਿਸ਼ਾਨ ਸਿੰਘ, ਰਘਬੀਰ ਸਿੰਘ, ਕੀਰਤਨੀ ਜਥਾ ਬੀਬੀ ਕੰਵਲਜੀਤ ਕੌਰ ਆਦਿ ਵੀ ਮੌਜੂਦ ਸਨ।

 

NO COMMENTS

LEAVE A REPLY