ਅੰਮ੍ਰਿਤਸਰ, 13 ਅਪ੍ਰੈਲ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਵਧੀਕ ਕਮਿਸ਼ਨਰ ਹਰਦੀਪ ਸਿੰਘ ਨਾਲ ਮਿਲਕੇ ਪਿਛਲੇ ਕਈ ਸਾਲਾਂ ਤੋਂ ਮੁਹੱਲਾ ਸੁਧਾਰ ਕਮੇਟੀਆਂ ਅਧੀਨ ਕੰਮ ਕਰ ਰਹੇ ਸੀਵਰਮੈਨਾਂ ਨੂੰ ਉਹਨਾਂ ਦੀਆਂ ਪੱਕੀਆਂ ਨੌਕਰੀਆਂ ਦੇ ਨਿਯੂਕਤੀ ਪੱਤਰ ਵੰਡੇ ਗਏ। ਜ਼ਿਕਰਯੋਗ ਹੈ ਕਿ ਇਹ ਉਹ ਸੀਵਰਮੈਨ ਹਨ ਜੋ ਕਿ ਸਾਲ-2016 ਤੋਂ ਵੱਖ-ਵੱਖ ਵਾਰਡਾਂ ਵਿਚ ਮੁਹੱਲਾ ਸੁਧਾਰ ਕਮੇਟੀਆਂ ਅਧੀਨ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਨਗਰ ਨਿਗਮ ਹਾਉਸ ਜਦੋਂ ਦਾ ਹੌਂਦ ਵਿਚ ਆਇਆ ਹੈ ਅੱਜ ਤੱਕ ਤਕਰੀਬਨ 1000 ਤੋਂ ਵੱਧ ਵਿਕਤੀਆਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਲੜੀ ਵਿਚ ਅੱਜ ਸਾਲ-2016 ਤੋਂ ਕੰਮ ਕਰ ਰਹੇ 165 ਸੀਵਰਮੈਨਾਂ ਨੂੰ ਪੱਕੀਆਂ ਨੌਕਰੀਆਂ ਦੇ ਨਿਯੂਕਤੀ ਪੱਤਰ ਦੇਣ ਵਿਚ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਕਿਹਾ ਕਿ ਉਹ ਜਦੋਂ ਮੇਅਰ ਬਣੇ ਸਨ ਤਾਂ ਉਨ੍ਹਾਂ ਨੇ ਇਹਨਾਂ ਕਰਮਚਾਰੀਆਂ ਨੂੰ ਵਾਇਦਾ ਕੀਤਾ ਸੀ ਕਿ ਇਹਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆ ਜਾਣਗੀਆਂ ਜਿਸ ਵਾਸਤੇ ਉਹਨਾਂ ਪੰਜਾਬ ਸਰਕਾਰ ਨਾਲ ਰਾਫ਼ਤਾ ਕਾਇਮ ਕਰਕੇ ਇਹਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਦੇ ਅਸੀਂ ਧੰਨਵਾਦੀ ਹਾਂ ਉੱਥੇ ਨਗਰ ਨਿਗਮ, ਅੰਮ੍ਰਿਤਸਰ ਦੇ ਕਮਿਸ਼ਨਰ ਅਤੇ ਉਹਨਾਂ ਦੀ ਟੀਮ ਵਧਾਈ ਦੇ ਪਾਤਰ ਹਨ। ਮੇਅਰ ਨੇ ਜਿਨ੍ਹਾਂ 165 ਸੀਵਰਮੈਨਾਂ ਨੂੰ ਪੱਕੀਆਂ ਨੌਕਰੀਆਂ ਦੇ ਨਿਯੂਕਤੀ ਪੱਤਰ ਦਿੱਤੇ, ਉਹਨਾਂ ਨੂੰ ਇਕ ਸੁਨੇਹਾ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਗੁਰੂਆਂ-ਪੀਰਾਂ-ਸੰਤਾਂ ਦੀ ਧਰਤੀ ਹੈ ਜਿਸ ਦੀ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਨਿਯੂਕਤੀ ਪੱਤਰ ਲੈਣ ਵਾਲੇ ਕਰਮਚਾਰੀਆਂ ਤੋਂ ਉਹਨਾਂ ਵਾਇਦਾ ਲਿਆ ਕਿ ਇਹਨਾਂ ਵੱਲੋਂ ਪਹਿਲਾਂ ਵੀ ਆਪਣੀ ਡਿਊਟੀ ਬਾਖੂਬੀ ਨਿਭਾਈ ਜਾਂਦੀ ਰਹੀ ਹੈ ਪਰ ਹੁਣ ਪੱਕੀਆਂ ਨੌਕਰੀਆਂ ਮਿਲਣ ਤੇ ਉਹਨਾਂ ਦੀ ਮਿਹਨਤ ਅਤੇ ਕੰਮਕਾਜ ਵਿਚ ਕੋਈ ਫਰਕ ਨਹੀ ਆਵੇਗਾ ਤੇ ਉਹ ਪੂਰੀ ਤਨਦੇਹੀ ਨਾਲ ਇਸ ਗੁਰੂ ਨਗਰੀ ਦੀ ਸੇਵਾ ਨਿਭਾਉਣਗੇ ਜਿਸ ਤੇ ਮੌਕੇ ਤੇ ਮੌਜੂਦ ਸਾਰੇ ਸੀਵਰਮੈਨ ਕਰਮਚਾਰੀਆਂ ਵੱਲੋਂ ਇਕ ਜੂੱਟ ਹੋਕੇ ਪ੍ਰਣ ਕੀਤਾ ਗਿਆ ।
ਇਸ ਮੌਕੇ ਤੇ ਨਿਗਰਾਨ ਇੰਜੀਨੀਅਰ ਸਤਿੰਦਰ ਕੁਮਾਰ, ਕਾ:ਕਾ:ਇੰਜੀ. ਪ੍ਰਦੀਪ ਸਲੂਜਾ, ਰਜਿੰਦਰ ਸਿੰਘ ਮਰੜੀ, ਬਲਜੀਤ ਸਿੰਘ, ਐਸ.ਡੀ.ਓ. ਹਰਜਿੰਦਰ ਸਿੰਘ, ਜੇ.ਈਜ਼, ਸੀਵਰਮੈਨ ਯੂਨੀਅਨ ਦੇ ਅਹੁੱਦੇਦਾਰ ਅਤੇ ਭਾਰੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।