ਮੇਅਰ ਕਰਮਜੀਤ ਰਿੰਟੂ ਤੇ ਵਿਧਾਇਕ ਡਾ: ਅਜੈ ਗੁਪਤਾ ਨੇ ਹਰੀਪੁਰਾ ਵਾਰਡ ਨੰ. 55 ਵਿਖੇ ਕੀਤਾ ਟਿਊਬਵੈੱਲ ਦਾ ਉਦਘਾਟਨ
ਅੰਮ੍ਰਿਤਸਰ 11 ਅਪ੍ਰੈਲ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ਸ਼ਹਿਰਵਾਸੀਆਂ ਨੂੰ ਮੁੱਢਲੀਆਂ ਸੁਵਿਧਾਵਾ ਪ੍ਰਦਾਨ ਕਰਨ ਦੇ ਕੰਮਾਂ ਵਿਚ ਹੋਰ ਤੇਜੀ ਲਿਆਉਂਦਿਆਂ ਅੱਜ ਵਿਧਾਇਕ ਡਾ: ਅਜੈ ਗੁਪਤਾ ਦੇ ਨਾਲ ਮਿਲਕੇ ਵਾਰਡ ਨੰ: 55 ਦੇ ਇਲਾਕਾ ਵੱਡਾ ਹਰੀ ਪੁਰਾ ਦੇ ਨਾਲ ਲਗਦੇ ਇਲਾਕਿਆਂ ‘ਚ ਸ਼ੁਧ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬੇਹਤਰ ਬਨਾਉਣ ਲਈ ਲਗਭਗ 14 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਸ਼ੁਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ‘ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੇਅਰ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਹਰ ਵਾਰਡ ‘ਚ ਸ਼ੁੱਧ ਪਾਣੀ ਦੇ ਲਈ ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਪੂਰੇ ਵਿਚੋਂ ਸਭ ਜਿਆਦਾ ਟਿਊਬਵੈਲ ਲਗਾਏ ਗਏ ਹਨ। ਸ਼ਹਿਰ ਦੀ ਹਰ ਇਕ ਵਾਰਡ ਵਿਚ ਵਾਟਰ ਸਪਲਾਈ ਲਾਈਨਾਂ ਦਾ ਜਾਲ ਵਿਛਾਇਆ ਗਿਆ ਹੈ। ਉਹਨਾਂ ਭਰੋਸਾ ਦੁਆਇਆ ਕਿ ਪੰਜਾਬ ਦੀ ਜਨਤਾ ਨੇ ਜਿਸ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਲਿਆਂਦੀ ਹੈ, ਪਾਰਟੀ ਇਕਜੁੱਟ ਹੋ ਕੇ ਸ਼ਹਿਰਵਾਸੀਆਂ ਦੀ ਸੇਵਾ ਕਰੇਗੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਪ੍ਰਣ ਕਰਦੀ ਹੈ। ਸ਼ਹਿਰ ਵਿਚ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਤੇ ਰਜਿੰਦਰ ਸਿੰਘ ਮਰੜ੍ਹੀ ਕਾਰਜਕਾਰੀ ਇੰਜੀ., ਨਰਿੰਦਰ ਜੇ.ਈ., ਨਗਰ ਨਿਗਮ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।