ਭਗਵੰਤ ਮਾਨ ਦੇ ਰਾਜ ’ਚ ਸ਼ਿਕਾਇਤ ਦਰਜ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਦਲਿਤ ਭਾਜਪਾ ਵਰਕਰ ਨੂੰ ਨਹੀਂ ਮਿਲ ਰਿਹਾ ਇਨਸਾਫ਼ : ਡਾ: ਅਰਵਿੰਦ ਸ਼ਰਮਾ
ਅੰਮ੍ਰਿਤਸਰ 3 ਅਪ੍ਰੈਲ ( ਰਾਜਿੰਦਰ ਧਾਨਿਕ ) : ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤ ਭਾਈਚਾਰੇ ਨਾਲ ਸੰਬੰਧਿਤ ਭਾਜਪਾ ਵਰਕਰ ਨੂੰ ਸ਼ਿਕਾਇਤ ਦਰਜ਼ ਕਰਾਉਣ ਦੇ ਡੇਢ ਮਹੀਨੇ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ: ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਜਪਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਮੰਗਾ ਸਿੰਘ ਮਾਹਲ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਖ਼ਾਨਪੁਰ, ਥਾਣਾ ਬਿਆਸ ਪ੍ਰਤੀ ਕੁਝ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅਪਣਾਏ ਗਏ ਅਪਮਾਨਜਨਕ ਵਤੀਰੇ ਸੰਬੰਧੀ ਡੇਢ ਮਹੀਨੇ ਬਾਅਦ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਨ੍ਹਾਂ ਕਿਹਾ ਕਿ ਪੀੜਤ ਨੂੰ ਇਨਸਾਫ਼ ਨਾ ਮਿਲਣ ’ਤੇ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦਿਹਾਤੀ ਦੇ ਪੁਲੀਸ ਮੁਖੀ ਦਾ ਘਿਰਾਓ ਕੀਤਾ ਜਾਵੇਗਾ।
ਡਾ: ਅਰਵਿੰਦ ਸ਼ਰਮਾ ਨੇ ਦੱਸਿਆ ਕਿ ਮੰਗਾ ਸਿੰਘ ਮਾਹਲ ਨੂੰ ਆਪਣੇ ਹੀ ਪਿੰਡ ਵਿਚ ਕੁਝ ਲੋਕਾਂ ਵੱਲੋਂ ਭਾਜਪਾ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ। ਦੋਸ਼ੀਆਂ ਨੇ ਉਸ ਨੂੰ ਗ਼ੱਦਾਰ ਕਹਿੰਦਿਆਂ ਉਸ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਇਆ ਇੱਥੋਂ ਤਕ ਕਿ ਉਸ ਦੇ ਵਿਰੁੱਧ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਸਮੈਟਾਂ ਵੀ ਕਰਾਈਆਂ ਗਈਆਂ। ਉਸ ਦੇ ਘਰ ’ਤੇ ਲੱਗੇ ਪਾਰਟੀ ਦੇ ਝੰਡੇ ਨੂੰ ਉਤਰਵਾਉਣ ਲਈ ਮਾੜੀ ਅਤੇ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸ਼ਰੇਆਮ ਅਪਮਾਨ ਕੀਤਾ ਗਿਆ। ਜਿਸ ਸੰਬੰਧੀ ਮੰਗਾ ਸਿੰਘ ਵੱਲੋਂ ਪੁਲਸ ਹੈਲਪ ਲਾਈਨ ਨੂੰ: 112 ’ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ 17 ਫਰਵਰੀ ਦੌਰਾਨ ਲਿਖਤੀ ਸ਼ਿਕਾਇਤ ਨੂੰ: 49 ਈਸੀ, ਵੀ ਦਰਜ ਕਰਾਈ ਗਈ। ਪਰ ਪੁਲੀਸ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਮੰਗਲ ਸਿੰਘ ਨੂੰ ਇਨਸਾਫ਼ ਦੇਣਾ ਤਾਂ ਦੂਰ ਉਸ ਦੀ ਸ਼ਿਕਾਇਤ ’ਤੇ ਅੱਜ ਤਕ ਵੀ ਪਰਚਾ ਦਰਜ ਨਹੀਂ ਕੀਤਾ ਗਿਆ। ਜਿਸ ਬਾਰੇ ਟਵੀਟ ਕਰਨ ’ਤੇ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਅਧਿਕਾਰਤ ਟਵੀਟ ਰਾਹੀ ਰੀ ਟਵੀਟ ਕਰਦਿਆਂ ਮਾਮਲੇ ਨੂੰ ਕੇਵਲ ਵਿਚਾਰ ਅਧੀਨ ਹੋਣਾ ਹੀ ਦੱਸਿਆ ਗਿਆ। ਇਸ ਸੰਬੰਧੀ ਉਨ੍ਹਾਂ ਐਸ ਡੀ ਐਮ ਬਾਬਾ ਬਕਾਲਾ ਕੋਲ ਵੀ ਗੁਹਾਰ ਲਗਾਈ ਹੈ। ਡਾ: ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਪੁਲੀਸ ਮੁਖੀ, ਪੰਜਾਬ ਐਸ ਸੀ ਕਮਿਸ਼ਨ ਅਤੇ ਕੌਮੀ ਐਸ ਸੀ ਕਮਿਸ਼ਨ ਨੂੰ ਉਕਤ ਮਾਮਲੇ ’ਚ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀੜਤ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਪੁਲੀਸ ਮੁਖੀ ਅੰਮ੍ਰਿਤਸਰ ਦਿਹਾਤੀ ਦਾ ਘਿਰਾਓ ਕੀਤਾ ਜਾਵੇਗਾ।
ਤਸਵੀਰ ਨਾਲ ਹੈ ।