ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਭਾਜਪਾ ਵਿਚ ਜਾਣ ਵਾਲੇ ਸਿੱਖਾਂ ਪ੍ਰਤੀ ’ਗੁਰੂ ਨੂੰ ਬੇਦਾਵਾ’ ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

0
27

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਸ: ਧਾਮੀ ਨੂੰ ਸਮਾਜ ’ਚ ਨਫ਼ਰਤ ਫੈਲਾਉਣ ਵਾਲੀ ਗ਼ਲਤ ਬਿਆਨੀ ਰੋਕਣ ਦੀ ਕੀਤੀ ਗੁਜਾਰਿਸ਼

ਅੰਮ੍ਰਿਤਸਰ 25 ਜਨਵਰੀ (ਪਵਿੱਤਰ ਜੋਤ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਵੱਲੋਂ ਭਾਜਪਾ ਵਿਚ ਜਾਣ ਵਾਲੇ ਸਿੱਖਾਂ ’ਤੇ ’ਗੁਰੂ ਸਾਹਿਬ ਨੂੰ ਬੇਦਾਵਾ’ ਦੇਣ ਪ੍ਰਤੀ ਲਗਾਏ ਗਏ ਦੋਸ਼ਾਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਹਾਲ ਹੀ ’ਚ ਭਾਜਪਾ ’ਚ ਸ਼ਾਮਿਲ ਹੋਏ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਲਿਖਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕਹੀ ਗਈ ’ਬੇਦਾਵੇ’ ਵਾਲੀ ਗਲ ਨੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਧਾਮੀ ਵੱਲੋਂ ਸਿੱਖ ਭਾਈਚਾਰਾ ਅਤੇ ਭਾਜਪਾ ਦਰਮਿਆਨ ਟਕਰਾਅ ਪੈਦਾ ਕਰਨ ਲਈ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਦਾ ਨੋਟਿਸ ਲੈਣ ਅਤੇ ਭਾਜਪਾ ਵਿਚ ਜਾਣ ਵਾਲੇ ਸਿੱਖਾਂ ਬਾਰੇ ਗ਼ਲਤ ਬਿਆਨੀ ਕਰਨ ਤੋਂ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸਿੱਖ ਦੇ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਕਿਸੇ ਤਰਾਂ ਦਾ ਸਿੱਖ ਰਹਿਤ ਮਰਯਾਦਾ ਖੰਡਿਤ ਨਹੀਂ ਹੋਇਆ, ਨਾ ਹੀ ਇਹ ਗੁਰੂ ਤੋਂ ਬੇਮੁਖ ਹੋ ਕੇ ਧਰਮ ਤਬਦੀਲੀ ਦਾ ਮਾਮਲਾ ਹੈ ਜਿਸ ਨੂੰ ਬੇਦਾਵਾ ਕਿਹਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਹਰੇਕ ਨੂੰ ਆਪਣੀ ਸਵੈ ਇੱਛਾ ਮੁਤਾਬਿਕ ਰਾਜਨੀਤਿਕ ਪਾਰਟੀ ਚੁਣਨ ਦਾ ਅਧਿਕਾਰ ਦਿੰਦਾ ਹੈ।
ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਨੂੰ ਲਿਖੇ ਗਏ ਪੱਤਰਾਂ ਵਿਚ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਧਾਰਮਿਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਧਾਮੀ ਨੇ ਭਾਈ ਮਹਾਂ ਸਿੰਘ ਜੀ ਵੱਲੋਂ ਖਦਰਾਣੇ ਦੀ ਢਾਬ ( ਸ੍ਰੀ ਮੁਕਤਸਰ ਸਾਹਿਬ ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਬੇਦਾਵਾ ਪੜਵਾਉਣ ਦੇ ਸੰਦਰਭ ਵਿਚ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਦੇ ਨਾਮ ’ਤੇ ਸਿੱਖ ਵਿਅਕਤੀਆਂ ਵੱਲੋਂ ਦਿਲੀ ਦੀ ਰਾਜ ਸਤਾ ਦੀ ਸ਼ਕਤੀ (ਭਾਰਤੀ ਜਨਤਾ ਪਾਰਟੀ) ਦੇ ਵਿਚ ਜਾਣ ਦੇ ਵੱਖ ਵੱਖ ਹਵਾਲਿਆਂ ਨਾਲ (ਵੀਡੀਓ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਫੇਸ ਬੁੱਕ ਪੇਜ ’ਤੇ ਮੌਜੂਦ ਹੈ) ਉਹ ਕਹਿ ਰਿਹਾ ਹੈ ਕਿ ਭਾਜਪਾ ਵਿਚ ਜੋ ਸਿੱਖ ਜਾ ਰਹੇ ਹਨ, ਉਹ ’’ਗੁਰੂ ਸਾਹਿਬ ਨੂੰ ਬੇਦਾਵਾ’’ ਦੇ ਰਹੇ ਹਨ। ਸਿੱਖ ਜੀਵਨ ਜਾਂਚ ਅਤੇ ਸ਼ਬਦ-ਕੋਸ਼ ਵਿਚ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਦੀ ਗਲ ਕਿਸੇ ਵੀ ਸਿੱਖ ਲਈ ਸਭ ਤੋਂ ’ਵੱਡੀ ਤੁਹਮਤ’ ਹੈ। ਬੇਦਾਵਾ ਦੇਣ ਤੋਂ ਭਾਵ ਗੁਰੂ ਤੋਂ ਮੁਨਕਰ ਹੋਣਾ, ਬੇਮੁਖ ਹੋਣਾ ਅਤੇ ਨਿਗੁਰਾ ਹੋਣਾ ਹੈ। ਕੋਈ ਵੀ ਸਿੱਖ ਗੁਰੂ ਤੋਂ ਬੇਮੁਖ ਅਤੇ ਨਿਗੁਰਾ ਹੋਣ ਦਾ ਸੁਪਨੇ ’ਚ ਵੀ ਤਸੱਵਰ ਵੀ ਨਹੀਂ ਕਰ ਸਕਦਾ। ਦਾਸ ਇਕ ਅੰਮ੍ਰਿਤਧਾਰੀ ਗੁਰਸਿੱਖ ਹੈ ਅਤੇ ਬੀਤੇ ਦਿਨੀਂ ਰਾਜਸੀ ਪਾਰਟੀ ਭਾਜਪਾ ਵਿਚ ਸ਼ਾਮਿਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਕਤ ਮੌਕੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਵਿਚ ਸ਼ਾਮਿਲ ਹੋਣ ਦੇ ਸਿੱਖਾਂ ਦੇ ਰੁਝਾਨ ਨੂੰ ਗ਼ਲਤ ਕਰਾਰ ਦੇਣਾ ਉਸ ਦੇ ਵਿਚਾਰਾਂ ਨੂੰ ਹੋਰ ਪੁਖ਼ਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਅਜਿਹੇ ਅਨੇਕਾਂ ਸਿੱਖ ਹਨ ਜਿਨ੍ਹਾਂ ਦੀ ਬੇਦਾਗ਼ ਸ਼ਖ਼ਸੀਅਤ ਅਤੇ ਕਾਰਗੁਜ਼ਾਰੀ ਨੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਜਿਵੇਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜੋ ਕਿ ਇਕ ਡਿਪਲੋਮੈਟ ਤੋਂ ਇਲਾਵਾ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ, ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਚੇਅਰਮੈਨ ਅਤੇ ਫਿਰ ਪ੍ਰਧਾਨ ਵਜੋਂ ਸੇਵਾਵਾਂ ਦਿੱਤੀਆਂ। ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਸ: ਇਕਬਾਲ ਸਿੰਘ ਲਾਲਪੁਰਾ, (ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ 2006 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਦਿੱਤਾ ਗਿਆ ) ਵੱਲੋਂ ਕਸ਼ਮੀਰੀ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਤੋਂ ਇਲਾਵਾ ਦੇਸ਼ ਭਰ ਦੇ ਸਿੱਖ ਭਾਈਚਾਰੇ ਦੇ ਹਿਤਾਂ ਲਈ ਦਿਨ ਰਾਤ ਕਾਰਜਸ਼ੀਲ ਹਨ ਕੀ ਇਨ੍ਹਾਂ ’ਤੇ ਵੀ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਦਾ ਦੋਸ਼ ਲੱਗੇਗਾ ਜਾਂ ਫਿਰ ਸਿੱਖਾਂ ਦੀ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਨਰੇਰੀ ਸੈਕਟਰੀ ਵਜੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਸ: ਰਜਿੰਦਰ ਮੋਹਨ ਸਿੰਘ ਛੀਨਾ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਚੇਅਰਮੈਨ ਕੌਮੀ ਘਟ ਗਿਣਤੀ ਕਮਿਸ਼ਨ ਸ: ਤਰਲੋਚਨ ਸਿੰਘ ਅਤੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਐਸ ਐਸ ਆਹਲੂਵਾਲੀਆ, ਨੂੰ ਵੀ ਬੇਦਾਵਾ ਦੇਣ ਵਾਲਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ? ਸਵਾਲ ਉੱਠਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਦਹਾਕਿਆਂ ਤੋਂ ਵਧ ਸਮਾਂ ਭਾਰਤੀ ਜਨਤਾ ਪਾਰਟੀ ਨਾਲ ਹਰ ਤਰਾਂ ਦੀ ਸਾਂਝ ਰੱਖੀ, ਕੀ ਉਸ ਵਰਤਾਰੇ ਨੂੰ ਵੀ ਬੇਦਾਵਾ ਹੀ ਕਿਹਾ ਜਾਵੇਗਾ? ਜੇ ਉਹ ਬੇਦਾਵਾ ਹੀ ਹੈ ਤਾਂ ਫਿਰ ਦੱਸਿਆ ਜਾਵੇ ਕਿ ਉਸ ਬੇਦਾਵਾ ਨੂੰ ਕਿਹੜੀ ਕੁਰਬਾਨੀ ਕਰਦਿਆਂ ਜਾਂ ਲਹੂ ਡੋਲਦਿਆਂ ਅਤੇ ਕਿਸ ਦੇ ਪਾਵਨ ਗੋਦ ਵਿਚ ਸਿਰ ਰੱਖਦਿਆਂ ਪੜਵਾਇਆ ਗਿਆ?। ਕਿਉਂਕਿ ਬੇਦਾਵਾ ਪੜਵਾਉਣ ਲਈ ਸੀਸ ਵਾਰਨ ਤੱਕ ਦੀ ਕੁਰਬਾਨੀ ਕੀਤੀ ਜਾਣ ਦਾ ਸਿੱਖੀ ਦਾ ਇਤਿਹਾਸ ਤੇ ਵਰਤਾਰਾ ਰਿਹਾ । ਮੈ ਹੈਰਾਨ ਹਾਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਆਪਣੀ ਭਾਸ਼ਣ ’ਚ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਦਿਆਂ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਨੂੰ ਸ਼ਹੀਦ ਕਰਨ ਅਤੇ ਨਵੰਬਰ ’84 ਦੌਰਾਨ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਜਮਾਤ ਅਤੇ ਆਮ ਆਦਮੀ ਪਾਰਟੀ ਦੇ ਤਤਕਾਲੀ ਪੰਜਾਬ ਪ੍ਰਧਾਨ ਨੂੰ ’ਤੁਝੇ ਸਿੱਖੀ ਸੇ ਨਿਕਾਲ ਦੇਤਾ ਤੋ ਕਿਆ ਹੋ ਜਾਤਾ’ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਜਾਂ ਇਨਾਂ ਪਾਰਟੀਆਂ ਵਿਚ ਬੈਠੇ ਲੋਕਾਂ ਖ਼ਿਲਾਫ਼ ਕਹਿਣ ਲਈ ਕੁਝ ਵੀ ਸੀ। ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਾਂਗਰਸ ਅਤੇ ਆਪ ਸਿੱਖ ਹਿਤੈਸ਼ੀ ਲਗਦੇ ਹਨ? । ਕੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਲਈ ਕੇਵਲ ਉਹੀ ਗੁਰਸਿੱਖ ਜਾਂ ਪੰਥਕ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰ ਵਰਤੋਂ ਕਰਦਿਆਂ ਰਾਮ ਰਹੀਮ ਨੂੰ ਬਿਨਾ ਮੰਗਿਆ ਮੁਆਫ਼ੀ ਦਿੱਤੀ ਅਤੇ ਆਪਣੇ ਕੂੜ ਨੂੰ ਸਹੀ ਸਿੱਧ ਕਰਨ ਲਈ ਗੁਰੂ ਕੇ ਖ਼ਜ਼ਾਨੇ ਵਿਚੋਂ 90 ਲੱਖ ਦੇ ਅਖ਼ਬਾਰੀ ਇਸ਼ਤਿਹਾਰ ਦਿੱਤੇ ਗਏ। ਬੇਦਾਵੇ ਵਾਲੀ ਗਲ ਤੋਂ ਇਲਾਵਾ ’’ਭਾਜਪਾ ’ਤੇ ਪੰਜਾਬ ’ਤੇ ਕਬਜ਼ਾ ਕਰਨ ਦੀ ਨੀਯਤ ਰੱਖਣ ਜਾਂ ਦਿਲੀ ਨਾਲ ਜਦੋਂ ਵੀ ਖ਼ਾਲਸਾ ਲੜਿਆ’’ ਆਦਿ ਕਹਿ ਕੇ ਭਾਜਪਾ ਨੂੰ ਸਿੱਖਾਂ ਦਾ ਵਿਰੋਧੀ ਠਹਿਰਾਉਣ ਦੀ ਗਲ ਬੇਬੁਨਿਆਦ ਹੀ ਨਹੀਂ ਸਗੋਂ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਕੀ ਇਹ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਿਆਸੀ ਆਕਾਵਾਂ ਦੀ ਖ਼ੁਸ਼ਾਮਦੀ ਲਈ ਸੰਗਤ ਨੂੰ ਗੁਮਰਾਹ ਕਰਨ ਦੀ ਸਾਜ਼ਿਸ਼ ਦਾ ਹਿੱਸਾ ਨਹੀਂ? । ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸ਼ੀ ਅਤੇ ਦਿਲ ’ਚ ਸਤਿਕਾਰ ਹੋਣ ਦਾ ਸਬੂਤ ਦਿੱਤਾ ਹੈ। ਕਰਤਾਰਪੁਰ ਲਾਂਘਾ ਖੋਲ੍ਹਣ, ਸਿੱਖ ਕੈਦੀਆਂ ਦੀ ਰਿਹਾਈ, ਗੁਰਪੁਰਬ ਸ਼ਤਾਬਦੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਨਾਇਆ ਜਾਣਾ, ਕਾਲੀ ਸੂਚੀ ਖ਼ਤਮ ਕਰਨ, ਜੋਧਪੁਰੀਆਂ ਨੂੰ ਮੁਆਵਜ਼ਾ ਦੇਣ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟਣ, ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਵੀਰ ਬਾਲ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ’ਤੇ ਜੀ ਐੱਸ ਟੀ ਖ਼ਤਮ ਕਰਨ ਵਰਗੇ ਹੋਰ ਅਨੇਕਾਂ ਕਾਰਜਾਂ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਹਾਈਕਮਾਨ ਸ੍ਰੀ ਮੋਦੀ ਦਾ ਕਈ ਵਾਰ ਧੰਨਵਾਦ ਕਰ ਚੁੱਕੇ ਹਨ। ਉਨ੍ਹਾਂ ਅਖੀਰ ’ਚ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਿੱਖ ਸੰਗਤਾਂ ਵਿਚ ਭਾਜਪਾ ਪ੍ਰਤੀ ਗੁਮਰਾਹਕੁਨ ਪ੍ਰਚਾਰ ਤੇ ਘਟੀਆ ਬਿਆਨਬਾਜ਼ੀ ਰਾਹੀਂ ਸਮਾਜ ਵਿਚ ਨਫ਼ਰਤ ਪੈਦਾ ਕਰਨ ਦੀ ਹੋਛੀ ਕੋਸ਼ਿਸ਼ ਪ੍ਰਤੀ ਖੇਦ ਜਤਾਉਣ ਅਤੇ ਅੱਗੇ ਤੋਂ ਗ਼ਲਤ ਬਿਆਨੀ ਨਾ ਕਰਨ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ।

NO COMMENTS

LEAVE A REPLY