ਡਿਪਟੀ ਕਮਿਸ਼ਨਰ ਨੇ ਦੀ ਕੋਆਪ੍ਰੇਟਿਵ ਬੈਂਕ ਅੰਮ੍ਰਿਤਸਰ ਦਾ ਸਲਾਨਾ ਕਲੰਡਰ ਕੀਤਾ ਰਲੀਜ਼

0
15

ਅੰਮ੍ਰਿਤਸਰ 13 ਜਨਵਰੀ (ਰਾਜਿੰਦਰ ਧਾਨਿਕ) : ਸਹਿਕਾਰਤਾ ਵਿਭਾਗ ਦੇ ਸਾਲ 1921 ਨੂੰ ਹੋਂਦ ਵਿਚ ਆਏ ਅਹਿਮ ਅਦਾਰੇ ਦੀ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਦਾ ਗੁਰੂ ਸਾਹਿਬਾਨ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨਾਂ ਨੂੰ ਦਰਸਾਉਂਦਾ ਸਾਲ 2022 ਦਾ ਕਲੰਡਰ ਸ: ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਉਹਨਾਂ ਨੇ ਕਿਹਾ ਕਿ ਬੈਂਕ ਦਾ ਇਹ ਉਪਰਾਲਾ ਜਿਥੇ ਆਮ ਲੋਕਾਂ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਵਿਰਸੇ ਪ੍ਰਤੀ ਜਾਗਰੂਕ ਕਰਨ ਵਿਚ ਸਹਾਈ ਹੋਵੇਗਾ, ਉਥੇ ਨਾਲ ਦੀ ਨਾਲ ਬੈਂਕ ਦੀਆਂ ਵੱਖ-ਵੱਖ ਸਕੀਮਾਂ ਨੂੰ ਆਮ ਜਨਤਾ ਤੱਕ ਸਹਿਜੇ ਹੀ ਪੁੱਜਦਾ ਕਰੇਗਾ। ਇਸ ਮੌਕੇ ਤੇ ਬੈਂਕ ਦੇ ਜ਼ਿਲਾ ਮੈਨੇਜਰ ਸ: ਪਰਮਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੈਂਕ ਮੁੱਢ ਕਦੀਮ ਤੋ ਹੀ ਪੇਂਡੂ ਖਾਸਕਰ ਕਿਰਸਾਨੀ ਦੀ ਕਾਇਆ ਕਲਪ ਕਰਨ ਲਈ ਜੱਦੋ ਜਹਿਦ ਕਰਦਾ ਆਇਆ ਹੈ। ਉਹਨਾਂ ਦੱਸਿਆ ਕਿ ਵਿੱਤੀ ਅਦਾਰਿਆਂ ਵਿਚੋਂ ਸਿਰਫ ਇਹੋ ਹੀ ਇਕ ਅਜਿਹਾ ਨਿਵੇਕਲਾ ਬੈਂਕ ਹੈ, ਜੋ ਬਿਨਾਂ ਜ਼ਮੀਨ ਆੜ ਰਹਿਣ ਕੀਤਿਆਂ ਜ਼ਿਲੇ ਦੇ ਕਰੀਬ ਪੰਜਾਹ ਹਜ਼ਾਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ 450 ਕਰੋੜ ਦੇ ਕਰੀਬ ਫਸਲੀ ਕਰਜ਼ਾ ਜਾਰੀ ਕਰ ਰਿਹਾ ਹੈ। ਉਹਨਾ ਨੇ ਦੱਸਿਆ ਕਿ 950 ਕਰੋੜ ਦੀਆਂ ਜਮਾਂ ਅਮਾਨਤਾਂ ਨਾਲ ਜ਼ਿਲੇ ਦੇ ਤਿੰਨ ਲੱਖ ਦੇ ਕਰੀਬ ਅਮਾਨਤਕਾਰ ਇਸ ਬੈਂਕ ਨਾਲ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰ ਚੁੱਕੇ ਹਨ। ਕਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲੇ ਦੀ ਆਮ ਜਨਤਾ ਨੂੰ ਵਿੱਤੀ ਹੁਲਾਰਾ ਦੇਣ ਲਈ ਬੈਂਕ ਵੱਲੋਂ ਆਪਣੇ ਕਰਜ਼ੇ ਦੇ ਵਿਆਜ ਦਰਾਂ ਵਿਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਾਲ 2017 ਤੋ ਪਹਿਲਾਂ ਡਿਫਾਲਟਰ ਹੋਏ ਕਰਜ਼ਦਾਰਾਂ ਲਈ ਇਕ ਬਹੁਤ ਹੀ ਲਾਹੇਵੰਦ ਡੈਬਟ ਸੈਟਲਮੈਂਟ ਸਕੀਮ ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਜਾਰੀ ਕੀਤੀ ਗਈ ਹੈ। ਜਿਸ ਤਹਿਤ ਐਨ.ਪੀ.ਏ. ਹੋ ਚੁੱਕੇ ਕਰਜ਼ਦਾਰ ਆਪਣੀਆਂ ਨੇੜਲੀਆਂ ਸਭਾਵਾਂ ਨਾਲ ਰਾਬਤਾ ਸਾਧ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ। ਬੈਂਕ ਵੱਲੋਂ ਜਿੱਥੇ ਵੱਖ ਵੱਖ ਸਰਕਾਰੀ/ਅਰਧ ਸਰਕਾਰੀ ਅਤੇ ਹੋਰਨਾ ਅਦਾਰਿਆਂ ਨਾਲ ਸਬੰਧਤ ਕਰਮਚਾਰੀਆਂ ਨੂੰ ਪਰਸਨਲ ਲੋਨ, ਸੀ.ਡੀ. ਲੋਨ, ਹਾਊਸਿੰਗ ਲੋਨ, ਵਹੀਕਲ ਲੋਨ, ਆਪਣੇ ਬੱਚਿਆਂ ਨੂੰ ਦੇਸ਼ ਵਿਦੇਸ਼ ਵਿਚ ਪੜਾਉਣ ਲਈ ਉਚੇਰੀ ਸਿਖਿਆ ਲਈ ਕਰਜ਼ੇ ਦਿੱਤੇ ਜਾ ਰਹੇ ਹਨ, ਉਥੇ ਨਾਲ ਦੀ ਨਾਲ ਜ਼ਿਲੇ ਦੇ ਉਦਮੀ ਲੋਕਾਂ ਲਈ ਜੇ.ਐਲ.ਜੀ. ਗਰੁੱਪ ਬਣਾ ਕੇ ਕਰਜ਼ਾ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਵਪ੍ਰੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਅਤੇ ਹੋਰ ਆਏ ਪਤਵੰਤੇ ਸਜਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਬੈਂਕ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਹਮੇਸ਼ਾਂ ਤੱਤਪਰ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ: ਹਰਪਾਲ ਸਿੰਘ ਪ੍ਰਧਾਨ ਦੀ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਇੰਪਲਾਈਜ਼ ਯੂਨੀਅਨ, ਸ: ਹਰਜਿੰਦਰ ਸਿੰਘ ਬਾਜਵਾ ਜਨਰਲ ਸਕੱਤਰ, ਸ: ਸੁਖਪਾਲ ਸਿੰਘ ਸੋਹੀ, ਸ਼੍ਰੀ ਰਕੇਸ਼ ਕਨੋਜੀਆ ਮੈਨੇਜਰ, ਸ: ਗੁਰਿੰਦਰ ਸਿੰਘ ਸੰਧੂ ਮੈਨੇਜਰ, ਸ: ਹਰਿੰਦਰ ਸਿੰਘ ਭਾਟੀਆ, ਸ: ਗੁਰਪ੍ਰੀਤ ਸਿੰਘ ਸੀਨੀਅਰ ਮੈਨੇਜਰ, ਮੈਡਮ ਹਰਪ੍ਰੀਤ ਕੌਰ ਸੀਨੀਅਰ ਮੈਨੇਜਰ, ਪਲਵਿੰਦਰ ਸਿੰਘ ਬੱਲ, ਸ਼੍ਰੀ ਜਸਕਰਨ ਸਿੰਘ, ਸ: ਰਣਬੀਰ ਸਿੰਘ ਢੋਟਾ, ਸ: ਅਬਜਿੰਦਰ ਸਿੰਘ ਸੰਧੂ, ਸ: ਗੁਰਿੰਦਰਪਾਲ ਸਿੰਘ ਰਾਜੂ, ਮੈਡਮ ਅਮਨਦੀਪ ਕੌਰ ਅਤੇ ਮੈਡਮ ਆਂਚਲ ਮੈਣੀ ਆਦਿ ਹਾਜ਼ਰ ਸਨ।
ਕੈਪਸ਼ਨ : ਦੀ ਕੋਆਪ੍ਰੇਟਿਵ ਬੈਂਕ ਅੰਮ੍ਰਿਤਸਰ ਦਾ ਸਲਾਨਾ ਕਲੰਡਰ ਰਲੀਜ਼ ਕਰਦੇ ਹੋਏ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਉਨਾਂ ਦੇ ਨਾਲ ਖੜੇ ਸ: ਪਰਮਜੀਤ ਸਿੰਘ ਡੀ.ਐਮ ਕੋਆਪ੍ਰੇਟਿਵ ਬੈਂਕ ਅਤੇ ਸ: ਨਵਪ੍ਰੀਤ ਸਿੰਘ ਐਮ.ਡੀ. ਕੋਆਪ੍ਰੇਟਿਵ ਬੈਂਕ।
====—

NO COMMENTS

LEAVE A REPLY