ਪ੍ਰਧਾਨ ਮੰਤਰੀ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ’ਚ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਸ਼ਲਾਘਾਯੋਗ : ਬਾਬਾ ਹਰਨਾਮ ਸਿੰਘ ਖ਼ਾਲਸਾ

0
38

ਸ੍ਰੀ ਮੋਦੀ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਾਉਣਾ ਇਕ ਵੱਡਾ ਉਪਰਾਲਾ
ਅੰਮ੍ਰਿਤਸਰ 9 ਜਨਵਰੀ, (ਰਾਜਿੰਦਰ ਧਾਨਿਕ) : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਮੌਕੇ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਹੌਸਲੇ ਨੂੰ ਢੁਕਵੀਂ ਸ਼ਰਧਾਂਜਲੀ ਵਜੋਂ ਦੇਸ਼ ਭਰ ’ਚ 26 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨਦਿਆਂ ‘ਵੀਰ ਬਾਲ ਦਿਵਸ’  ਵਜੋਂ ਮਨਾਉਣ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਨਵੀਂ ਮੁੰਬਈ ਦੇ ਗੁ: ਸੀ ਬੀ ਡੀ ਬੇਲਾ ਪੁਰ ਵਿਖੇ ਦਸਮੇਸ਼ ਪਿਤਾ ਦੇ ਅਵਤਾਰ ਬਾਰੇ ਕਥਾ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ 325 ਸਾਲਾਂ ਦੌਰਾਨ ਹਿੰਦੁਸਤਾਨ ਦੀ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਬਾਰੇ ਨਹੀਂ ਸੋਚਿਆ, ਪਰ ਪ੍ਰਧਾਨ ਮੰਤਰੀ ਨੇ ਇਸ ਵੱਡੇ ਫ਼ੈਸਲੇ ਰਾਹੀਂ ਆਪਣਾ ਫਰਜ ਨਿਭਾਉਂਦਿਆਂ ਚਾਰ ਸਾਹਿਬਜ਼ਾਦਿਆਂ ਵੱਲੋਂ ਹਿੰਦੂ ਧਰਮ ਦੀ ਰੱਖਿਆ ਅਤੇ ਗੁਰਸਿੱਖੀ ਖ਼ਾਤਰ ਜ਼ਾਲਮਾਂ ਦੀ ਈਨ ਨਾ ਮੰਨਣ, ਮਾਤਾ ਗੁਜਰ ਕੌਰ ਜੀ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਦੇ ਲਾਲਾਂ ਦੀ ਯਾਦ ’ਚ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਹਿੰਦ ਵਾਸੀਆਂ ਲਈ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਕਦਮ ਨਾਲ ਕੌਮ ਦਾ ਸਿਰ ਉੱਚਾ ਹੋਇਆ ਹੈ, ਖ਼ਾਲਸੇ ਦੇ ਬੋਲ ਬਾਲੇ ਤੇ ਸਿੱਖੀ ਦੀ ਪਛਾਣ ਵਿਕਸਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ ਉਸ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ। ਨਾ ਕਿ ਉਸ ਬਾਰੇ ਨੁਕਤਾਚੀਨ. ਜਾਂ ਨਿੰਦਿਆ ਕਰਦਿਆਂ ਨਾਸ਼ੁਕਰਾ ਹੋਇਆ ਜਾਣਾ ਚਾਹੀਦਾ। ਇਸ ਸੰਬੰਧੀ ਉਨ੍ਹਾਂ ਸਤਿਗੁਰ ਤੋਂ ਸਿੱਖਿਆ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਵੱਲੇ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਦੀ ਰਿਆਸਤ ਨੂੰ ਸੁਰੱਖਿਅਤ ਰੱਖਣ ਦੀ ਹਦਾਇਤ ਕੀਤੀ। ਦਮਦਮੀ ਟਕਸਾਲ ਦੇ ਮੁਖੀ ਨੇ ਚਿਰਾਂ ਤੋਂ ਲਟਕਦੇ ਪੰਥ ਅਤੇ ਪੰਜਾਬ ਦੇ ਮਸਲੇ ਜਲਦ ਹੱਲ ਕਰਨ ਦੀ ਵੀ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ।

NO COMMENTS

LEAVE A REPLY