ਸਿੱਖ ਕੌਮ ਆਪਣੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਨੂੰ ਕਾਇਮ ਰੱਖਣ ਦੇ ਖੁਦ ਸਮਰੱਥ -ਫੈਡਰੇਸ਼ਨ ਮਹਿਤਾ
ਅੰਮ੍ਰਿਤਸਰ 20 ਦਸੰਬਰ (ਅਰਵਿੰਦਰ ਵੜੈਚ) : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਜੋ ਉੱਥੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਬਹੁਤ ਚੁਸਤੀ ਨਾਲ ਨਕਾਮ ਕਰ ਦਿੱਤੀ ਗਈ ,ਉਸ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਸ੍ਰ: ਅਮਰਬੀਰ ਸਿੰਘ ਢੋਟ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਅਸਫਲ ਬਣਾਉਣ ਵਾਲੇ ਸਿੰਘਾਂ ਦੀ ਸਰਾਹਨਾ ਕੀਤੀ ।ਢੋਟ ਨੇ ਗੁਰੂ ਸਾਹਿਬਾਨ ਦੀ ਤਾਬਿਆ ਬੈਠੇ ਸਿੰਘ ਸਾਹਿਬਾਨ ਗਿਆਨੀ ਬਲਜੀਤ ਸਿੰਘ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਬਹੁਤ ਦ੍ਰਿੜਤਾ ਦਿਖਾਉਂਦੇ ਹੋਏ ਸ਼੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਮਰਯਾਦਾ ਨੂੰ ਖੰਡਿਤ ਨਹੀਂ ਹੋਣ ਦਿੱਤਾ ।ਢੋਟ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਏਸੇ ਤਰ੍ਹਾਂ ਹੀ ਸੋਧਾ ਲਗਾਇਆ ਜਾਵੇਗਾ ।ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਨਾ ਰੁਕਣਾ ਪੰਜਾਬ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਨੀਤੀਆਂ ਇਸ ਦਾ ਕਾਰਣ ਹਨ ।ਪਰ ਹੁਣ ਸਿੱਖ ਕੌਮ ਸਰਕਾਰ ਵੱਲ ਨਹੀਂ ਵੇਖੇਗੀ ਸਗੋਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਖ਼ੁਦ ਸਮਰੱਥ ਹੈ ।ਉਨ੍ਹਾਂ ਸਮੂਹ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਹੁਣ ਕੋਈ ਵੀ ਨਰਮਾਈ ਨਾ ਵਰਤੀ ਜਾਵੇ ।