ਭਗਵੰਤ ਮਾਨ ਸਰਕਾਰ ਚਲਾਉਣ ‘ਚ ਨਾਕਾਮ, ਨਿੱਤ ਨਵੀਆਂ ਨਾਕਾਮੀਆਂ ਆ ਰਹੀਆਂ ਹਨ ਸਾਹਮਣੇ: ਜੀਵਨ ਗੁਪਤਾ

0
7

 

ਖਤਰਨਾਕ ਗੈਂਗਸਟਰ ਦੀ ਇੰਟਰਵਿਊ ਲਈ ਜ਼ਿੰਮੇਵਾਰ ਜੇਲ੍ਹ ਮੰਤਰਾਲੇ ਦੇ ਮੁਖੀ ਭਗਵੰਤ ਮਾਨ ਨੂੰ ਨੈਤਿਕ ਆਧਾਰ ‘ਤੇ ਦੇਣ ਅਸਤੀਫ਼ਾ: ਜੀਵਨ ਗੁਪਤਾ

ਚੰਡੀਗੜ੍ਹ/ਅੰਮ੍ਰਿਤਸਰ 17 ਮਾਰਚ ( ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਨਿਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਪੰਜਾਬ ਦੇ ਜੇਲ੍ਹ ਮੰਤਰਾਲੇ ਦੇ ਮੁਖੀ ਭਗਵੰਤ ਮਾਨ ਦੀ ਕਾਰਜਸ਼ੈਲੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹਾਂ ‘ਚ ਕਿਹੋ ਜਿਹੇ ਪ੍ਰਬੰਧ ਕੀਤੇ ਹੋਏ ਹਨ, ਇਹ ਇੰਟਰਵਿਯੂ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ।
ਜੀਵਨ ਗੁਪਤਾ ਨੇ ਜਾਈ ਆਪਣੇ ਪ੍ਰੇਸ ਬਿਆਨ ‘ਚ ਕਿਹਾ ਕਿ ਗੈਂਗਸਟਰ ਦੀ ਇੰਟਰਵਿਊ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਆਪਣੀ ਸਾਖ ਬਚਾਉਣ ਲਈ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਹ ਵੀਡੀਓ ਨਾ ਤਾਂ ਬਠਿੰਡਾ ਜੇਲ੍ਹ ਦੀ ਹੈ ਅਤੇ ਨਾ ਹੀ ਪੰਜਾਬ ਦੀ ਕਿਸੇ ਜੇਲ੍ਹ ਦੀ ਹੈ। ਜੀਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਇਹ ਬਠਿੰਡਾ ਜੇਲ੍ਹ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੀ ਨਹੀਂ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਉਨ੍ਹਾਂ ਨੇ ਕਿਸ ਆਧਾਰ ‘ਤੇ ਇਸ ਨੂੰ ਕਿਸੇ ਹੋਰ ਸੂਬੇ ਨਾਲ ਸਬੰਧਤ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਹ ਸਪੱਸ਼ਟ ਕਿਉਂ ਨਹੀਂ ਕੀਤਾ ਕਿ ਉਹ ਕਿਸ ਜਗਹ ਦੀ ਹੈ?
ਧਿਆਨ ਰਹੇ ਕਿ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਸੀ, ਜਿਸ ਵਿੱਚ ਲਾਰੈਂਸ ਬਿਸ਼ਨੋਈ ਨੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਆਪਣਾ ਹੱਥ ਹੋਣ ਦਾ ਇਕਬਾਲ ਕੀਤਾ ਹੈ। ਅਸੀਂ ਭਰਾ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈ ਲਿਆ ਹੈ। ਮੂਸੇਵਾਲਾ ਦੇ ਕਤਲ ਬਾਰੇ ਉਨ੍ਹਾਂ ਕਿਹਾ ਕਿ ਹਾਂ, ਇਹ ਕਤਲ ਜ਼ਰੂਰ ਮੇਰੇ ਕਹਿਣ ‘ਤੇ ਹੋਇਆ ਹੈ। ਪਰ ਇਸ ਦੀ ਵਿਉਂਤਬੰਦੀ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠ ਕੇ ਕੀਤੀ ਸੀ। ਲਾਰੈਂਸ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕਿ ਅਸੀਂ ਗੋਲਡੀ ਦੇ ਭਰਾ ਨਾਲ ਮਿਲ ਕੇ ਲਗਭਗ ਇੱਕ ਸਾਲ ਤੋਂ ਕਤਲ ਦੀ ਯੋਜਨਾ ਬਣਾ ਰਹੇ ਸੀ। ਦੂਜੇ ਪਾਸੇ ਜੇਲ੍ਹ ਤੋਂ ਇੰਟਰਵਿਊ ਬਾਰੇ ਪੁੱਛੇ ਜਾਣ ‘ਤੇ ਗੈਂਗਸਟਰ ਬਿਸ਼ਨੋਈ ਨੇ ਕਿਹਾ ਕਿ ਇਹ ਲੂਜ ਪਵਾਇੰਟ ਵਾਲੀ ਗੱਲ ਹੈ। ਫ਼ੋਨ ਤਾਂ ਇਧਰ-ਉਧਰ ਹੋ ਹੀ ਜਾਂਦੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦਾ ਜੇਲ੍ਹ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਅਤੇ ਪੰਜਾਬ ਸਰਕਾਰ ਦੇ ਇੱਕ ਸਾਲ ਦੇ ਸ਼ਾਸਨ ਦੌਰਾਨ ਪੰਜਾਬ ‘ਚ ਅਰਾਜਕਤਾ, ਬਦਤਰ ਕਾਨੂੰਨ ਵਿਵਸਥਾ ਅਤੇ ਡਰ ਦਾ ਮਹਿਲ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸੱਤਾ ਸੰਭਾਲਣ ਦੇ ਯੋਗ ਨਹੀਂ ਹਨ। ਮਾਨਸਾ ਦੇ ਕੋਟਲੀ ਕਲਾਂ ‘ਚ ਅਣਪਛਾਤੇ ਵਿਅਕਤੀਆਂ ਵੱਲੋਂ 6 ਸਾਲਾ ਮਾਸੂਮ ਬੱਚੇ ਦੀ ਪਿਤਾ ਦੇ ਸਾਹਮਣੇ ਕੀਤੇ ਕਤਲ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ ਪਿਛਲੇ ਇੱਕ ਸਾਲ ਵਿੱਚ ‘ਆਪ’ ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਆਪਣੀ ਜਾਨ ਗੁਆ ਚੁੱਕੀਆਂ ਹਨ। ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਥੋੜੀ ਜਿਹੀ ਵੀ ਸ਼ਰਮ ਬਾਕੀ ਹੈ ਤਾਂ ਉਹ ਨੈਤਿਕਤਾ ਦੇ ਆਧਾਰ ‘ਤੇ ਇਸ ਸਭ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।

NO COMMENTS

LEAVE A REPLY