ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 51 ਰੈਪਿਡ ਰਿਸਪੌਂਸ ਟੀਮਾਂ ਅਤੇ 6 ਐਂਬੂਲੈਂਸਾਂ ਲੋਕਾਂ ਦੀਆਂ ਸੇਵਾਵਾਂ ਵਿਚ ਤੈਨਾਤ-ਸਿਵਲ ਸਰਜਨ

0
16

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)

ਹੜ੍ਹਾਂ ਦੀ ਸਥਿਤੀ ਦੌਰਾਨ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਸੇਵਾ ਵਿਚ ਜੁਟੀਆਂ ਹੋਈਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 51 ਰੈਪਿਡ ਰਿਸਪੌਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।

ਸਿਵਲ ਸਰਜਨ ਨੇ ਦੱਸਿਆ ਕਿ ਬੁਢਲਾਡਾ ਵਿਖੇ 33 ਅਤੇ ਸਰਦੂਲਗੜ੍ਹ ਵਿਖੇ 18 ਰੈਪਿਡ ਰਿਸਪੌਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 3 ਐਂਬੂਲੈਂਸ ਬੁਢਲਾਡਾ ਅਤੇ 3 ਸਰਦੂਲਗੜ੍ਹ ਵਿਖੇ ਲਗਾਈਆਂ ਗਈਆਂ ਹਨ ਅਤੇ ਦੋਨੋ ਇਲਾਕਿਆਂ ਵਿਚ ਹੀ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਜ਼ਿਲ੍ਹੇ ਦੇ 13 ਪ੍ਰਾਈਵੇਟ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਵੇਗਾ।

ਜ਼ਿਲ੍ਹਾ ਐਪੀਡੀਮੋਲੋਜਿਸਟ ਕਮ ਸਹਾਇਕ ਸਿਵਲ ਸਰਜਨ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪਾਂ ਵਿਚ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਈ ਗਈ ਹੈ ਅਤੇ ਤੈਨਾਤ ਟੀਮਾਂ ਵੱਲੋਂ ਲੋੜ ਪੈਣ ’ਤੇ ਦਵਾਈਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਓ.ਆਰ.ਐਸ. ਅਤੇ ਜਿੰਕ ਦੇ ਪੈਕੇਟ ਲੋਕਾਂ ਵਿਚ ਵੰਡੇ ਜਾ ਰਹੇ ਹਨ। ਕੀਟਨਾਸ਼ਨ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਸੁਚੇਤ ਰਹਿਣ ਅਤੇ ਇਲਾਜ਼ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸਾਫ ਪਾਣੀ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲੋਰੀਨ ਦੀਆਂ ਗੋਲੀਆਂ ਸਿਹਤ ਟੀਮਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸਥਿਤੀ ਵਿਚ ਵਿਭਾਗ ਵੱਲੋਂ ਮਾਨਸਾ ਵਿਖੇ ਸਥਾਪਿਤ ਕੰਟਰੋਲ ਰੂਮ ਨੰਬਰ 01652-227056, ਬੁਢਲਾਡਾ ਵਿਖੇ 77101-19398 ਅਤੇ ਸਰਦੂਲਗੜ੍ਹ ਵਿਖੇ 01659-250074 ’ਤੇ ਸੰਪਰਕ ਕਰਕੇ ਸਿਹਤ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

NO COMMENTS

LEAVE A REPLY