ਵਿਦਿਆਰਥਣਾਂ ਨੂੰ ਸ੍ਰੀ ਹਰੀਕੋਟਾ ਵਿਖੇ ਲਾਈਵ ਸੈਟੇਲਾਇਟ ਲਾਂਚ ਵੇਖਣ ਦਾ ਮਿਲਿਆ ਸੱਦਾ ਪੱਤਰ – ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵਲੋਂ ਵਿਦਿਆਰਥਣਾਂ ਲਈ 3 ਲੱਖ ਰੁਪਏ ਦਾ ਚੈੱਕ ਜਾਰੀ
ਅੰਮ੍ਰਿਤਸਰ, 8 ਫਰਵਰੀ (ਪਵਿੱਤਰ ਜੋਤ) : ਅੰਮ੍ਰਿਤਸਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਨੇ ਇਸਰੋ ਲਈ ਚਿੱਪ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਇਸਦੇ ਸਫਲ ਪ੍ਰੀਖਣ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਨੂੰ 10 ਫਰਵਰੀ ਨੂੰ ਸਤੀਸ਼ ਧਵਨ ਸਪੇਸ ਸਟੇਸ਼ਨ, ਸ੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼ ਵਿਖੇ ਲਾਂਚ ਹੋ ਰਹੇ ‘ਅਜਾਦੀ ਸੈਂਟ-2’ ‘ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਿਲਆ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਮਿਲਕੇ ਆਪਣਾ ਆਸ਼ਿਰਵਾਦ ਦਿੰਦਿਆਂ 3 ਲੱਖ ਰੁਪਏ ਦਾ ਚੈੱਕ ਦਿੱਤਾ। ਇਸਰੋ ਤੋਂ ਸੱਦਾ ਮਿਲਣ ਉਪਰੰਤ, ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਅੰਮ੍ਰਿਤਸਰ ਸ. ਹਰਪ੍ਰੀਤ ਸਿੰਘ ਸੂਦਨ ਨੇ ਵਿਦਿਆਰਥਣਾਂ, ਸਬੰਧਤ ਅਧਿਆਪਕਾਂ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਵਧਾਈ ਦਿੱਤੀ।
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਜੁਗਰਾਜ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਬਲਰਾਜ ਸਿੰਘ ਢਿਲੋਂ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਰਹਿਨੁਮਾਈ ਅਧੀਨ ਅਤੇ ਸਕੂਲ ਦੇ ਏੇ.ਟੀ.ਐਲ (ਅਟਲ ਟਿੰਕਰਿੰਗ ਲੈਬ) ਦੇ ਇੰਚਾਰਜ ਅਤੇ ਪ੍ਰੋਜੈਕਟ ਇੰਚਾਰਜ ਸ੍ਰੀ ਕਮਲ ਕੁਮਾਰ ਲੈਕਚਰਾਰ ਕੈਮਿਸਟਰੀ ਦੀ ਯੋਗ ਅਗਵਾਈ ਹੇਠ ਸਕੂਲ ਦੀਆਂ ਵਿਦਿਆਰਥਣਾਂ ਨੇ ਇਸਰੋ ਦੇ ਪ੍ਰੋਜੈਕਟ ਵਿਚ ਦਿਲਚਸਪੀ ਵਿਖਾਈ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਜੁਗਰਾਜ ਸਿੰਘ ਨੇ ਸਕੂਲ਼ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ “ਆਜ਼ਾਦੀ ਸੈਟ -2” ਸੈਟੇਲਾਇਟ ਮਿਸ਼ਨ ਨਾ ਸਿਰਫ ਦੇਸ਼ ਲਈ ਮਾਣ ਦਾ ਵਿਸ਼ਾ ਹੈ, ਸਗੋਂ ਇਹ ਬਹੁਤ ਸਾਰੇ ਵਿਦਿਆਰਥਣਾਂ ਲਈ ਸਪੇਸ ਰੀਸਰਚ ਨੂੰ ਆਪਣੇ ਕੈਰੀਅਰ ਵਜੋਂ ਸੋਚਣ ਲਈ ਇੱਕ ਪ੍ਰੇਰਣਾ ਵੀ ਹੈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਦੱਸਿਆ ਕਿ ਇਸਰੋ ਵਲੋਂ ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਰੈਸਬੈਰੀ ਪਾਈ ਪੀਕੋ ਨਾਮਕ ਚਿੱਪ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਇਨ੍ਹਾਂ ਹੋਣਹਾਰ ਵਿਿਦਆਰਥਣਾਂ ਨੇ ਬੜੀ ਸਹਿਜਤਾ ਅਤੇ ਗੰਭੀਰਤਾ ਨਾਲ ਮਿੱਥੇ ਸਮੇਂ ‘ਚ ਤਿਆਰ ਕਰਕੇ ਇਸਰੋ ਨੂੰ ਭੇਜਿਆ ਸੀ। ਇਸਰੋ ਵਲੋਂ ਇਸ ਚਿੱਪ ਦੇ ਪ੍ਰੀਖਣ ਉਪਰੰਤ ਇਹ ਚਿੱਪ ਇਸਰੋ ਦੀ ਕਸੌਟੀ ‘ਤੇ ਖਰੀ ਉਤਰੀ ਅਤੇ ਇਸ ਚਿੱਪ ਨੂੰ ਇਸਰੋ ਦੇ ਉਪਗ੍ਰਹਿ ‘ਚ ਲਗਾਇਆ ਗਿਆ ਹੈ।