ਕੈਲੀਫੋਰਨੀਆ ’ਚ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਉਤੇ ਜਸਵੀਰ ਸਿੰਘ ਗੜ੍ਹੀ ਵੱਲੋਂ ਦੁੱਖ ਦਾ ਪ੍ਰਗਟਾਵਾ
ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਖਲ ਦੇਵੇ ਕੇਂਦਰ ਸਰਕਾਰ : ਜਸਵੀਰ ਸਿੰਘ ਗੜ੍ਹੀ
ਚੰਡੀਗੜ੍/ਅੰਮ੍ਰਿਤਸਰ, 6 ਅਕਤੂਬਰ (ਪਵਿੱਤਰ ਜੋਤ) : ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਕਤਲ ਕੀਤੇ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਉਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੁੱਖ ਪ੍ਰਗਟਾਇਆ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਰੋਜ਼ੀ ਰੋਟੀ ਲਈ ਪੰਜਾਬ ਛੱਡ ਕੇ ਵਿਦੇਸ਼ ਗਏ ਪੰਜਾਬੀਆਂ ਦੇ ਹੋਏ ਕਤਲ ਦੀ ਖਬਰ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਸੀ ਨਾਲ ਸਬੰਧਤ ਪਰਿਵਾਰ ਉਤੇ ਅੱਜ ਪਹਾੜਾਂ ਦਾ ਕਹਿਰ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਕਦਮ ਚੁੱਕੇ।