ਅੰਮ੍ਰਿਤਸਰ, 7 ਮਈ ( ਪਵਿੱਤਰ ਜੋਤ ) : ਸਿਆਸੀ ਦਬਾਅ ਕਾਰਨ ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਵਿਦਵਾਨ ਨੂੰ ਯੂਨੀਵਰਸਿਟੀ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਸਿੱਖ ਵਿਦਵਾਨ ਅਤੇ ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਫੈਲੋ ਸਾਬਕਾ ਆਈ.ਏ.ਐਸ ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਜੋ ਕਿ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਸਿਆਸੀ ਦਬਾਅ ਕਾਰਨ ਸਮੇਂ ਤੋਂ ਪਹਿਲਾਂ ਆਪਣਾ ਕਮਰਾ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ‘ਚ 3 ਤੋਂ 11 ਮਈ ਤੱਕ ਬੁਕਿੰਗ ਸੀI ਪਰ ਰਾਜਨੀਤੀ ਤੋਂ ਪ੍ਰੇਰਿਤ ਡਾ: ਰਾਜੂ ਨੂੰ ਅੱਜ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦਬਾਅ ਪਾ ਕੇ ਕਮਰਾ ਖਾਲੀ ਕਰਨ ਲਈ ਮਜ਼ਬੂਰ ਕਰ ਦਿੱਤਾ। ਹਾਲਾਂਕਿ ਗੈਸਟ ਹਾਊਸ ਦੇ ਲਗਭਗ ਸਾਰੇ ਕਮਰੇ ਖਾਲੀ ਪਏ ਹਨ ਅਤੇ ਕੋਈ ਹੋਰ ਬੁਕਿੰਗ ਨਹੀਂ ਕਰਵਾਈ ਗਈ। ਡਾ: ਰਾਜੂ ਨੇ ਕਿਹਾ ਕਿ ਕੈਂਬਰਿਜ ਯੂਨੀਵਰਸਿਟੀ ਯੂ.ਕੇ. ਵਰਗੇ ਵੱਕਾਰੀ ਅਦਾਰਿਆਂ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਮਿਲਦਾ ਹੈ, ਜਦੋਂ ਕਿ ਭਗਵੰਤ ਮਾਨ ਸਰਕਾਰ ‘ਚ ਆਪਨੇ ਦੇਸ਼ ਅਤੇ ਗੁਰੂ ਦੇ ਨਾਂ ਵਾਲੀ ਯੂਨੀਵਰਸਿਟੀ ਵਿੱਚ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ।
ਸੁਰੇਸ਼ ਮਹਾਜਨ ਨੇ ਕਿਹਾ ਕਿ ਇਸ ਘਟੀਆ ਅਤੇ ਗਲਤ ਕੰਮ ਦੇ ਖੁਲਾਸੇ ਦੀ ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਮਹਾਜਨ ਨੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋ ਰਹੀ ਸਿਆਸੀ ਘੁਸਪੈਠ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵਿਸਾਖੀ ਮੌਕੇ ਪੰਜਾਬ ਦੇ ਰਾਜਪਾਲ ਦੀ ਮੇਜ਼ਬਾਨੀ ਵਿੱਚ ਡਾ: ਜਗਮੋਹਨ ਸਿੰਘ ਰਾਜੂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰੂ ਸਾਹਿਬ, ਖ਼ਾਲਸਾ ਅਤੇ ਡਾ: ਅੰਬੇਡਕਰ ਬਾਰੇ ਇੱਕ ਸਫਲ ਸੈਮੀਨਾਰ ਕਰਵਾਇਆ ਗਿਆ। ਡਾ: ਰਾਜੂ ਵੱਲੋਂ ਅਖ਼ਬਾਰਾਂ ਵਿੱਚ ਲਿਖੇ ਲੇਖ ਵੀ ਲੋਕਾਂ ਵਿੱਚ ਬਹੁਤ ਮਕਬੂਲ ਹਨ।