ਸੂਬੇ ‘ਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ, ਮੀਡੀਆ ਸੈੱਲ ਇਸ ‘ਚ ਨਿਭਾਏਗਾ ਅਹਿਮ ਭੂਮਿਕਾ: ਸ਼ਾਜ਼ੀਆ ਅਲਵੀ

0
30

ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਮੀਡੀਆ ਵਿਭਾਗ ਦੇ ਸਮੂਹ ਅਧਿਕਾਰੀਆਂ ਦੀ ਹੋਈ ਮੀਟਿੰਗ।

 

ਅੰਮ੍ਰਿਤਸਰ / ਚੰਡੀਗੜ੍ਹ29 ਦਸੰਬਰ ( ਪਵਿੱਤਰ ਜੋਤ  ) : ਭਾਜਪਾ ਦੀ ਕੌਮੀ ਬੁਲਾਰਾ ਸ਼ਾਜ਼ੀਆ ਅਲਵੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਅਤੇ ਉਸ ਦੀ ਤਿਆਰੀ ਲਈ ਭਾਜਪਾ ਵਰਕਰ ਚੋਣ ਮੈਦਾਨ ਵਿੱਚ ਨਿੱਤਰ ਕੇ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ। ਸ਼ਾਜ਼ੀਆ ਨੇ ਭਾਜਪਾ ਦੇ ਸੂਬਾਈ ਚੋਣ ਦਫ਼ਤਰ (ਜਲੰਧਰ) ਵਿਖੇ ਪਾਰਟੀ ਦੇ ਸੂਬਾ ਮੀਡੀਆ ਵਿਭਾਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਚੋਣਾਂ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ।  ਕੇਂਦਰੀ ਭਾਜਪਾ ਲੀਡਰਸ਼ਿਪ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਿਯੁਕਤ ਕੀਤੇ ਮੀਡੀਆ ਇੰਚਾਰਜ ਸ਼ਾਜ਼ੀਆ ਅਲਵੀ, ਰਾਸ਼ਟਰੀ ਬੁਲਾਰੇ ਸ਼ਿਵਮ ਛਾਬੜਾ ਅਤੇ ਰਾਜਸਥਾਨ ਦੇ ਸਾਬਕਾ ਮੀਡੀਆ ਇੰਚਾਰਜ ਵਿਮਲ ਕਟਿਆਰ ਆਪਣੀ ਪੰਜਾਬ ਫੇਰੀ ਦੌਰਾਨ ਜਲੰਧਰ ਪੁੱਜੇ। ਜਲੰਧਰ ਪੁੱਜਣ ‘ਤੇ ਸੂਬਾ ਭਾਜਪਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੂਬਾ ਭਾਜਪਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ, ਸੂਬਾਈ ਬੁਲਾਰੇ ਅਨਿਲ ਸਰੀਨ, ਸੂਬਾ ਮੀਡੀਆ ਸੈੱਲ ਕਨਵੀਨਰ ਜੈਸਮੀਨ ਸੰਧੇਵਾਲੀਆ, ਸੂਬਾ ਪ੍ਰੈੱਸ ਸਹਿ-ਸਕੱਤਰ ਸੁਨੀਲ ਸਿੰਗਲਾ ਤੋਂ ਇਲਾਵਾ ਸੂਬਾਈ ਬੁਲਾਰੇ ਤੇ ਪੈਨਲਿਸਟ ਅਤੇ ਸੂਬਾ ਮੀਡੀਆ ਸੈੱਲ ਦੇ ਕੋ-ਕਨਵੀਨਰ ਆਦਿ ਵੀ ਹਾਜ਼ਰ ਸਨI

                ਸ਼ਾਜ਼ੀਆ ਅਲਵੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੰਧ ‘ਤੇ ਲਿਖੇ ਵਾਂਗ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਵਾਰ ਪੰਜਾਬ ਦੇ ਵੋਟਰ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਆਰਥਿਕ ਸੁਧਾਰ ਲਈ ਭਾਜਪਾ ਨੂੰ ਵੋਟ ਪਾਉਣਗੇ। ਪੰਜਾਬ ਵਿੱਚ ਦੋਹਰੇ ਇੰਜਣ ਵਾਲੀ ਸਰਕਾਰ ਹੀ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰ ਸਕਦੀ ਹੈ ਅਤੇ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢ ਕੇ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਦੇ ਸਕਦੀ ਹੈ।

                ਇਸ ਤੋਂ ਪਹਿਲਾਂ ਸ਼ਾਜ਼ੀਆ ਅਲਵੀ ਨੇ ਵਿਧਾਨ ਸਭਾ ਚੋਣਾਂ ਵਿੱਚ ਸੰਗਠਨ ਲਈ ਮੀਡੀਆ ਦੀ ਕੀ ਭੂਮਿਕਾ ਹੋਵੇਗੀ ਅਤੇ ਪਾਰਟੀ ਲਈ ਮੀਡੀਆ ਸੈੱਲ ਨੂੰ ਕਿਸ ਤਰ੍ਹਾਂ ਸੁਚੇਤ ਹੋ ਕੇ ਕੰਮ ਕਰਨਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੂਬਾ ਮੀਡੀਆ ਸੈੱਲ ਦੇ ਅਧਿਕਾਰੀਆਂ, ਬੁਲਾਰਿਆਂ ਅਤੇ ਪੈਨਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸੂਬੇ ਅਤੇ ਜ਼ਿਲ੍ਹਿਆਂ ਵਿੱਚ ਮੀਡੀਆ ਸੈੱਲ ਦੇ ਢਾਂਚੇ ਦਾ ਵੀ ਨਿਰੀਖਣ ਕੀਤਾ ਅਤੇ ਵਿਰੋਧੀ ਪਾਰਟੀਆਂ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਨੂੰ ਹੋਰ ਊਰਜਾ ਅਤੇ ਤੱਥਾਂ ਨਾਲ ਜਨਤਾ ਦੇ ਸਾਹਮਣੇ ਪੇਸ਼  ਕਰਨ ਲਈ ਮੀਡੀਆ ਰਾਹੀਂ ਪ੍ਰਚਾਰ-ਪ੍ਰਸਾਰ ਕਰਨ ਲਈ ਕਿਹਾ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਮੀਡੀਆ ਸੈੱਲ ਦੇ ਸੰਗਠਨ ਲਈ ਕੰਮ ਕਰਨ ਅਤੇ ਆਉਣ ਵਾਲੀ ਚੋਣ ਰਣਨੀਤੀ ਦੀ ਤਿਆਰੀ ਸਬੰਧੀ ਹਦਾਇਤਾਂ ਵੀ ਦਿੱਤੀਆਂ।

                ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਦਾ ਯੁੱਗ ਮੀਡੀਆ ਅਤੇ ਇੰਟਰਨੈਟ ਦਾ ਯੁੱਗ ਹੈ ਅਤੇ ਹਰ ਕੋਈ ਚਾਹੇ ਵੱਡਾ ਹੋਵੇ ਜਾਂ ਛੋਟਾ, ਇੰਟਰਨੈੱਟ ਰਾਹੀਂ ਮੀਡੀਆ ਨਾਲ ਜੁੜਿਆ ਹੋਇਆ ਹੈ ਅਤੇ ਅੱਪ ਟੂ ਡੇਟ ਜਾਣਕਾਰੀ ਰੱਖਦਾ ਹੈ। ਭਾਜਪਾ ਦੇ ਵਰਕਰ ਕੋਰੋਨਾ ਦੇ ਸਮੇਂ ਦੌਰਾਨ ਵੀ ਲਗਾਤਾਰ ਕੇਂਦਰ ਸਰਕਾਰ ਦੀਆਂ ਲੋਕ ਹਿੱਤ ਦੀਆਂ ਨੀਤੀਆਂ ਨੂੰ ਇੰਟਰਨੈੱਟ ਅਤੇ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾ ਕੇ ਜਨਤਾ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਇਹ ਉਪਰਾਲਾ ਲਗਾਤਾਰ ਜਾਰੀ ਹੈ।

                ਜਨਾਰਦਨ ਸ਼ਰਮਾ ਨੇ ਮੀਡੀਆ ਸੈੱਲ ਦੀ ਤਰਫੋਂ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸੈੱਲ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਕੌਮੀ ਇੰਚਾਰਜ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਇੱਕ-ਇੱਕ ਮੀਡੀਆ ਕਾਰਡੀਨੇਟਰ ਅਤੇ ਇੱਕ-ਇੱਕ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜੋ ਕਿ ਜਲੰਧਰ ਵਿੱਚ ਸਥਾਪਤ ਕੀਤੇ ਗਏ ਸੂਬਾ ਚੋਣ ਦਫ਼ਤਰ ਨਾਲ ਤਾਲਮੇਲ ਰਖਣਗੇ। ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਮੀਡੀਆ ਸੈੱਲ ਪੰਜਾਬ ਵਿੱਚ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਏਗਾ।

NO COMMENTS

LEAVE A REPLY