ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਕੋਲੋ ਵਸੂਲੇ ਜਾਣ ਵਾਲੇ ਸਰਵਿਸ ਚਾਰਜਾਂ ਵਿੱਚ ਕੀਤੇ ਵਾਧੇ ਦੀ ਸੁਭਾਸ਼ ਸ਼ਰਮਾ ਨੇ ਕੀਤੀ ਘੋਰ ਨਿਖੇਧੀ
ਚੰਡੀਗੜ੍ਹ/ਅੰਮ੍ਰਿਤਸਰ: 18 ਜਨਵਰੀ ( ਰਾਜਿੰਦਰ ਧਾਨਿਕ) : ਭਾਜਪਾ ਪੰਜਾਬ ਦੇ ਸੂਬਾ ਮਿਟ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਲੋੜਵੰਦ ਵਰਗਾਂ ਲਈ ਲਾਭਕਾਰੀ ਨੀਤੀਆਂ ਲਾਗੂ ਕੀਤੀਆਂ ਹਨ, ਲੋੜਵੰਦ ਵਰਗਾਂ ਲਈ ਹਰ ਸੰਭਵ ਮਦਦ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾ ਖੋਰੀ ਦੀ ਭਾਵਨਾ ਤਹਿਤ ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨਹਿਤੈਸ਼ੀ ਨੀਤੀਆਂ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚਣ ਦੇ ਰਹੀ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਐਸ.ਸੀ./ਐਸ.ਟੀ. ਵਿਦਿਆਰਥੀਆਂ ਦੇ ਵਜ਼ੀਫ਼ੇ ਲਈ ਕੇਂਦਰ ਸਰਕਾਰ ਵੱਲੋਂ ਆਏ 393 ਕਰੋੜ ਰੁਪਏ ਪੰਜਾਬ ਸਰਕਾਰ ਨੇ ਨਾ ਹੀ ਲੋੜਵੰਦਾ ਨੂੰ ਦਿੱਤੇ ਅਤੇ ਨਾਂ ਹੀ ਇਸਦਾ ਕੋਈ ਹਿਸਾਬ-ਕਿਤਾਬ ਕੇਂਦਰ ਸਰਕਾਰ ਨੂੰ ਦਿੱਤਾ। ਉਹਨਾਂ ਦੱਸਿਆ ਕਿ ਪਰਾਲ਼ੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨੇ 400 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਸਨ, ਪਰ ਪੰਜਾਬ ਸਰਕਾਰ ਨੇ ਜਾਣਬੱਝ ਕੇ ਸਮੇਂ ਸਿਰ ਲੋੜਵੰਦ ਕਿਸਾਨਾਂ ਨੂੰ ਮਸ਼ੀਨਰੀ ਜਾ ਆਰਥਿਕ ਮਦਦ ਮੁਹੱਈਆ ਨਹੀਂ ਕਰਵਾਈ, ਜਿਸ ਕਰਕੇ ਪੰਜਾਬ ਵਿੱਚ ਪਰਾਲ਼ੀ ਦੀ ਸਮੱਸਿਆ ਜ਼ਿਆਦਾ ਪੈਦਾ ਹੋਈ। ਉਹਨਾਂ ਕਿਹਾ ਕਿ ਸਾਰਾ ਕੁਝ ਪੰਜਾਬ ਸਰਕਾਰ ਦੀ ਨਾਕਾਮੀ ਦੇ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਸਿਹਤ ਬੀਮੇ ਤੋਂ ਲੈ ਕੇ ਅਨੇਕਾਂ ਕੇਂਦਰ ਸਰਕਾਰ ਦੀਆਂ ਲਾਭਕਾਰੀ ਸਕੀਮਾਂ ਨੂੰ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਗਿਆ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦਾ ਢਿੰਡੋਰਾ ਪਿੱਟ ਰਹੀ ਹੈ, ਦੂਸਰੇ ਪਾਸੇ ਬਿਜਲੀ ਖਪਤਕਾਰਾਂ ਕੋਲ਼ੋਂ ਵਸੂਲੇ ਜਾਣ ਵਾਲੇ ਸਰਵਿਸ ਚਾਰਜਾਂ, ਜਿਵੇਂ ਮੀਟਰਾਂ ਦੇ ਕਿਰਾਏ, ਬਕਸਿਆਂ ਦੀਆਂ ਕੀਮਤਾਂ, ਘਰੇਲੂ ਸਕਿਉਰਿਟੀ, ਮੀਟਰ ਟੈਸਟਿੰਗ, ਘਰਾਂ ਵਿੱਚ ਲੱਗੇ ਮੀਟਰਾਂ ਨੂੰ ਬਦਲਣ ਦੇ ਚਾਰਜਾਂ ਨੂੰ ਬੇਹਿਤਹਾਸ਼ਾ ਵੱਧਾ ਦਿੱਤਾ ਹੈ ਅਤੇ 21 ਦਿਸੰਬਰ ਤੋਂ ਵੱਧੇ ਹੋਏ ਸਰਵਿਸ ਚਾਰਜ ਲਾਗੂ ਵੀ ਕਰ ਦਿੱਤੇ ਹਨ। ਪੰਜਾਬ ਭਾਜਪਾ ਇਸ ਦੀ ਘੋਰ ਨਿਖੇਧੀ ਅਤੇ ਵਿਰੋਧ ਕਰਦੀ ਹੈ ‘ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੋਂ ਮੰਗ ਕਰਦੀ ਹੈ ਕਿ ਵਧਾਏ ਹੋਏ ਸਰਵਿਸ ਚਾਰਜਾਂ ਨੂੰ ਤੁਰੰਤ ਵਾਪਸ ਲਿਆ ਜਾਵੇ, ਤਾਕਿ ਪੰਜਾਬ ਦੀ ਜਨਤਾ ਦੀ ਜੇਬ ‘ਤੇ ਪੈ ਰਿਹੈ ਵਾਧੂ ਆਰਥਿਕ ਬੋਝ ਘੱਟ ਹੋ ਸਕੇ।