ਹਰਸਿਮਰਤ ਕੌਰ ਬਾਦਲ ਨੇ ਆਪ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡਣ ਦੀ ਕੀਤੀ ਨਿਖੇਧੀ

0
20

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੜ੍ਹਾਂ ਦੇ ਸਮੇਂ ਵਿਚ ਲੋਕਾਂ ਨੂੰ ਉਹਨਾਂ ਦੇ ਹਾਲਤ ’ਤੇ ਛੱਡਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਹੜ੍ਹ ਮਾਰੇ ਇਲਾਕਿਆਂ ਵਿਚ ਸਿਵਲ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਵਿਚ ਲੋਕ ਆਪ ਹੀ ਬੰਨਾਂ ਨੂੰ ਮਜ਼ਬੂਤ ਕਰਨ ਵਿਚ ਜੁਟੇ ਹਨ|ਬਠਿੰਡਾ ਦੇ ਐਮ ਪੀ ਨੇ ਘੱਗਰ ਦੇ ਨਾਲ ਲੱਗਦੇ ਪਿੰਡ ਚੰਦਪੁਰਾ ਦਾ ਦੌਰਾ ਕੀਤਾ ਜਿਥੇ ਪਾਣੀ ਖੇਤਾਂ ਵਿਚ ਫਿਰ ਗਿਆ ਹੈ ਤੇ ਬੋਰਾਵਾਲ ਡਰੇਨ ਓਵਰਫਲੋਅ ਹੋ ਗਈ ਹੈ ਕਿਉਂਕਿ ਮੌਨਸੂਨ ਦੇ ਆਉਣ ਤੋਂ ਪਹਿਲਾਂ ਇਸਦੀ ਸਫਾਈ ਨਹੀਂ ਕੀਤੀ ਗਈ।

ਚਾਂਦਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਘੱਗਰ ਵਿਚ ਪਾਣੀ ਦਾ ਪੱਧਰ 3 ਫੁੱਟ ਵੱਧ ਗਿਆ ਹੈ ਤੇ ਲੋਕ ਪੱਬਾਂ ਭਾਰ ਹੋ ਗਏ ਹਨ ਤੇ ਪਾਣੀ ਵੱਧਣ ਕਾਰਨ ਬੰਨ ਟੁੱਟਣ ਤੇ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਟਰੈਕਟਰਾਂ ਦੀ ਵਰਤੋਂ ਕਰ ਰਹੇ ਹਨ ਤੇ ਸਿਵਲ ਪ੍ਰਸ਼ਾਸਨ ਸਥਿਤੀ ਤੋਂ ਅਣਜਾਣ ਬਣਿਆ ਹੋਇਆ ਹੈ।ਸਰਦਾਰਨੀ ਬਾਦਲ ਨੇ ਕਿਹਾ ਕਿ ਬਰਾਵਾਲਾ ਡਰੇਨ ਦੇ ਨਾਲ ਲੱਗਦੇ ਪਿੰਡਾਂ ਵਿਚ ਵੀ ਅਜਿਹੇ ਹੀ ਹਾਲਾਤ ਬਣਦੇ ਵੇਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਨਾ ਤਾਂ ਡਰੇਨਾਂ ਦੀ ਸਫਾਈ ਕੀਤੀ ਗਈ ਹੈ ਤੇ ਨਾ ਹੀ ਉਹਨਾਂ ਦੀ ਪਾਣੀ ਲਿਜਾਣ ਦੀ ਸਮਰਥਾ ਮੌਨਸੂਨ ਤੋਂ ਪਹਿਲਾਂ ਵਧਾਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨ ਮੁਸ਼ਕਿਲਾਂ ਝੱਲ ਰਹੇ ਹਨ ਤੇ ਸੈਂਕੜੇ ਏਕੜ ਵਿਚ ਫਸਲਾਂ ਤਬਾਹ ਹੋ ਗਈਆਂ ਹਨ।ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹੜ੍ਹ ਮਾਰੇ ਪਿੰਡਾਂ ਵਿਚ ਮਨੁੱਖੀ ਤ੍ਰਾਸਦੀ ਵਾਪਰਨ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਵਾਸਤੇ ਹਰੇ ਚਾਰੇ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਲੋਕਾਂ ਨੂੰ ਸੁੱਕਾ ਰਾਸ਼ਨ ਜਾਂ ਪੈਕ ਕੀਤਾ ਖਾਣਾ ਪ੍ਰਦਾਨ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਤੇ ਲੋਕ ਲੰਗਰ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੈਰ ਸਰਕਾਰੀ ਸੰਗਠਨਾਂ ’ਤੇ ਨਿਰਭਰ ਹੋ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਇਹ ਵੀ ਸ਼ਿਕਾਇਤਾਂ ਕੀਤੀਆਂ ਹਨ ਕਿ ਪਿੰਡਾਂ ਵਿਚ ਹਾਲੇ ਤੱਕ ਕੋਈ ਮੈਡੀਕਲ ਟੀਮਾਂ ਨਹੀਂ ਪਹੁੰਚੀਆਂ।ਸਰਦਾਰਨੀ ਬਾਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੇ ਹਲਕੇ ਦਾ ਦੌਰਾ ਕਰਨ ਅਤੇ ਤੁਰੰਤ ਸਮੀਖਿਆ ਮੀਟਿੰਗ ਕਰਨ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰ ਤਬਾਹ ਹੋਏ ਹਨ, ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਜਿਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ, ਉਹਨਾਂ ਨੂੰ ਵੀ ਫੌਰੀ ਰਾਹਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਨੇ ਜਿਹੜੇ ਕਰਜ਼ੇ ਲਏ ਹਨ, ਉਹ ਹਾਲ ਦੀ ਘੜੀ ਨਾ ਵਸੂਲੇ ਜਾਣ ਤੇ ਅੱਗੇ ਪਾ ਦਿੱਤੇ ਜਾਣ ਤੇ ਸਹਿਕਾਰੀ ਸਭਾਵਾਂ ਦਾ ਵਿਆਜ਼ ਵੀ ਮੁਆਫ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਰੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ|ਸਰਦਾਰਨੀ ਬਾਦਲ ਦੇ ਨਾਲ ਅਕਾਲੀ ਦਲ ਦੇ ਮਾਨਸਾ ਦਿਹਾਤੀ ਇਕਾਈ ਦੇ ਪ੍ਰਧਾਨ ਗੁਰੇਮਲ ਸਿੰਘ ਵੀ ਹਾਜ਼ਰ ਸਨ।

NO COMMENTS

LEAVE A REPLY