ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਾ. ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਿਹਤ ਵਿਭਾਗ ਵਲੋਂ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਡਾ. ਗੁਰਚੇਤਨ ਪ੍ਰਕਾਸ਼ ਐਸ. ਐਮ.ਓ. ਨੇ ਚਾਂਦਪੁਰਾ ਬੰਨ੍ਹ ਅਤੇ ਚਾਂਦਪੁਰਾ ਬੰਨ੍ਹ ਦੀਆਂ ਨੇੜਲੀਆਂ ਬਲਾਕ ਬੁਢਲਾਡਾ ਦੀਆਂ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ । ਡਾ. ਗੁਰਚੇਤਨ ਪ੍ਰਕਾਸ਼ ਨੇ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਟੀਮਾਂ ਨੂੰ ਜ਼ਰੂਟੀ ਹਦਾਇਤਾਂ ਦਿੱਤੀਆਂ। ਦਵਾਈਆਂ ਨਾਲ ਭਰੀ ਗੱਡੀ ਲੈ ਕੇ ਪਹੁੰਚੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਮੀਂਹ ਦੇ ਮੌਸਮ ‘ਚ ਇਸ ਮੁਸ਼ਕਿਲ ਘੜੀ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।ਇਸ ਦੇ ਲਈ ਸਿਹਤ ਵਿਭਾਗ ਬੁਢਲਾਡਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਿਹਤ ਸਬੰਧੀ ਮੁਸ਼ਕਿਲਾਂ ਨਾਲ ਨਜਿੱਠਣ ਲਈ 24 ਘੰਟੇ ਰੈਪਿਡ ਰਿਸਪੋਸ ਮੈਡੀਕਲ ਟੀਮਾਂ ਅਤੇ ਐਸ.ਡੀ.ਐਚ ਬੁਢਲਾਡਾ ਵਿਚ ਵਿਸ਼ੇਸ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹੜ੍ਹਾਂ ਦੀ ਸਥਿਤੀ ‘ਚ ਜਿੱਥੇ ਕਈ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੋ ਕੇ ਮੌਕੇ ‘ਤੇ ਡਿਊਟੀ ਦਿੰਦਾ ਨਜ਼ਰ ਆ ਰਿਹਾ ਹੈ। ਡਿਪਟੀ ਕਮਿਸ਼ਨਰ ਮਾਨਸਾ ਜੀ ਦੇ ਹੁਕਮਾਂ ਅਨੁਸਾਰ ਹਰ 2 ਘੰਟੇ ਬਾਅਦ ਰੈਪਿਡ ਰਿਸਪੋਂਸ ਮੈਡੀਕਲ ਟੀਮਾਂ ਵੱਲੋਂ ਚਾਂਦਪੁਰਾ ਬੰਨ੍ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਦੀਆਂ ਰਿਪੋਰਟਾਂ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਵੱਲੋਂ ਵੱਡੀ ਮਾਤਰਾ `ਚ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਸਿਹਤ ਸੰਸਥਾਵਾ ਦੇ ਮੁੱਖੀਆ ਨੂੰ ਕਿਹਾ ਕਿ ਬਰਸਾਤ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ, ਉਲਟੀਆਂ, ਹੈਜ਼ਾ ਆਦਿ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਅਤੇ ਜਿਥੋਂ ਤੱਕ ਹੋ ਸਕੇ ਪਾਣੀ ਉਬਾਲ ਕੇ ਪੀਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕੇ ‘ਚ ਫਸੇ ਲੋਕਾਂ ਦੀ ਮਦਦ ਲਈ ਜਿਲ੍ਹਾ ਪੱਧਰ ਤੋ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗੁਰਚੇਤਨ ਪ੍ਰਕਾਸ਼ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਿਹਤ ਸੇਵਾਵਾਂ ਸਬੰਧੀ ਕੋਈ ਜ਼ਰੂਰਤ ਹੁੰਦੀ ਹੈ, ਤਾਂ ਉਹ ਕੰਟਰੋਲ ਰੂਮ ਦੇ ਨੰਬਰ 01652-227056 ‘ਤੇ ਸੰਪਰਕ ਕਰਕੇ, ਸਿਹਤ ਸੇਵਾਵਾਂ ਦਾ ਲਾਭ ਲੈ ਸਕਦਾ ਹੈ।
ਇਸ ਮੌਕੇ ਹਰਬੰਸ ਮੱਤੀ ਬੀ.ਈ.ਈ. ਨੇ ਕਿਹਾ ਕਿ ਬਲਾਕ ਬੁਢਲਾਡਾ ਦੇ ਪਿੰਡਾਂ ‘ਚ ਹੜ੍ਹਾਂ ਦੀ ਸਥਿਤੀ ਨੂੰ ਦੇ ਕਾਬੂ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ। ਪ੍ਰਭਾਵਿਤ ਲੋਕਾਂ ਦੇ ਇਲਾਜ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਚ ਲੋਕਾਂ ਦੇ ਇਲਾਜ ‘ ਲਈ ਵਿਆਪਕ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਲੋਕਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨੇੜੇ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ‘ਚ ਹੈ। ਸਿਹਤ ਵਿਭਾਗ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਕੈਪਸ਼ਨ: 1. ਚਾਂਦਪੁਰਾ ਬੰਨ੍ਹ ਵਿਖੇ ਸਥਿਤੀ ਦਾ ਜਾਇਜਾ ਲੈਂਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ।
2. ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਪ ਕੁਲਰੀਆਂ ਵਿਖੇ ਮੈਡੀਕਲ ਟੀਮਾਂ ਨੂੰ ਹਦਾਇਤ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ।