ਕਣਕ ਦਾ ਮੁਆਵਜ਼ਾ ਨਾ ਮਿਲਣ ਕਾਰਨ ਪਿੰਡ ਹਾਕਮਵਾਲਾ ਦੇ ਕਿਸਾਨਾਂ ਨੇ ਸਰਕਾਰ ਖਿਲਾਫ ਜਤਾਇਆ ਰੋਸ

0
46

 

ਬੁਢਲਾਡਾ 21 ਅਪੈ੍ਲ (ਦਵਿੰਦਰ ਸਿੰਘ ਕੋਹਲੀ )-ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਵਿਚ ਗੜੇਮਾਰੀ ਨਾਲ ਹੋਏ ਕਣਕ ਦੇ ਖਰਾਬੇ ਦਾ ਮੁਆਵਜ਼ਾ ਦੇਣ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਨੂੰ ਕਣਕ ਦੇ ਨੁਕਸਾਨ ਦਾ ਹਾਲੇ ਤੱਕ ਮੁਆਵਜ਼ਾ ਨਾ ਮਿਲਣ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸਦੇ ਚਲਦਿਆਂ ਅੱਜ ਨੇੜਲੇ ਪਿੰਡ ਹਾਕਮਵਾਲਾ ਦੇ ਕਿਸਾਨਾਂ ਵੱਲੋਂ ਪਿੰਡ ਦੀ ਸੱਥ ਵਿੱਚ ਇਕੱਠ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸਰਪੰਚ ਪਲਵਿੰਦਰ ਸਿੰਘ,ਪੰਚ ਜੁਗਰਾਜ ਸਿੰਘ,ਪੰਚ ਤਰਸੇਮ ਸਿੰਘ ਸੇਮੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਮੇਲਾ,ਆਗੂ ਮਨਜੀਤ ਸਿੰਘ ਮਨਾਂ,ਬਲਕਰਨ ਸਿੰਘ ਚਹਿਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਟਹਿਲ ਸਿੰਘ,ਕਿਸਾਨ ਜੈਮਲ ਸਿੰਘ, ਮਹਿੰਦਰ ਸਿੰਘ, ਸੁਦਾਗਰ ਸਿੰਘ,ਭੋਲਾ ਸਿੰਘ, ਤੇਜਾ ਸਿੰਘ,ਬਿੱਕਰ ਸਿੰਘ,ਤਾਰ ਸਿੰਘ ਥਿੰਦ,ਪਾਲਾ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਭਾਰੀ ਬਾਰਿਸ਼ ਨਾਲ ਨੁਕਸਾਨੀ ਗਈ ਕਣਕ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਲੰਬਾਂ ਸਮਾਂ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਗੰਭੀਰ ਨਹੀਂ ਹੈ ਜਿਸ ਦੇ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ। ਕਿਉਂਕਿ ਬਾਰਿਸ਼ ਨੇ ਕਣਕ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਜਿਸ ਕਾਰਨ ਇਸ ਵਾਰ ਕਣਕ ਦੀ ਫ਼ਸਲ ਜ਼ਿਆਦਾਤਰ ਕਿਸਾਨਾਂ ਦਾ ਖਰਚਾ ਵੀ ਨਹੀਂ ਮੋੜੇਗੀ।ਇਕੱਤਰ ਕਿਸਾਨਾਂ ਨੇ ਧਮਕੀ ਭਰੇ ਲਹਿਜੇ ਵਿੱਚ ਪੰਜਾਬ ਸਰਕਾਰ ਨੂੰ ਆਖਿਆ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਪਾਰਦਰਸ਼ੀ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਨਹੀਂ ਤਾਂ ਉਹ ਮਜਬੂਰਨ ਐਸ ਡੀ ਐਮ ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਕਿਸਾਨ ਆਗੂਆਂ ਨੇ ਇਹ ਵੀ ਆਖਿਆ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

NO COMMENTS

LEAVE A REPLY