ਆਮ ਆਦਮੀ ਪਾਰਟੀ ਵੱਲੋਂ ਲਤੀਫਪੁਰਾ ਵਿੱਚ ਦਿੱਤੇ ਜ਼ਖਮਾਂ ਨੂੰ ਲੋਕ ਭੁੱਲੇ ਨਹੀਂ : ਭਾਜਪਾ
ਅੰਮ੍ਰਿਤਸਰ/ ਜਲੰਧਰ, 11 ਅਪ੍ਰੈਲ ( ਪਵਿੱਤਰ ਜੋਤ ): ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਹਾਈਕਮਾਂਡ ਨੇ ਚੋਣ ਦੇ ਕੰਮਕਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਜਿਸ ਕਾਰਨ ਭਾਜਪਾ ਦੀ ਮਜਬੂਤ ਮਹਿਲਾ ਸੂਬਾ ਜਨਰਲ ਸਕੱਤਰ ਮੋਨਾ ਜੈਸਵਾਲ ਜਿੱਥੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਵਿੱਚ ਜੋਸ਼ ਭਰ ਰਹੀ ਹਨ, ਉੱਥੇ ਹੀ ਉਹ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸੋਚ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੀ ਹੈ।
ਮੋਨਾ ਜੈਸਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਭ ਦਾ ਸਾਥ, ਸਭ ਦਾ ਵਿਕਾਸ ਦੀ ਨੀਤੀ ‘ਤੇ ਕੰਮ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਉਦੇਸ਼ ਵਿਕਾਸ ਅਤੇ ਜਨ ਕਲਿਆਣਕਾਰੀ ਨੀਤੀਆਂ ਨੂੰ ਸਮਾਜ ਦੇ ਆਖਰੀ ਪੜਾਅ ‘ਤੇ ਖੜ੍ਹੇ ਵਿਅਕਤੀ ਤੱਕ ਪਹੁੰਚਾਉਣਾ ਹੈ। ਮੋਨਾ ਜੈਸਵਾਲ ਨੇ ਕਿਹਾ ਕਿ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਯੁਸ਼ਮਾਨ ਭਾਰਤ, ਉੱਜਵਲਾ ਯੋਜਨਾ, ਕਿਸਾਨ ਸਮ੍ਰਿਧੀ ਯੋਜਨਾ, ਕਿਸਾਨ ਸਨਮਾਨ ਨਿਧੀ ਯੋਜਨਾ ਵਰਗੀਆਂ ਕਈ ਸਹੂਲਤਾਂ ਦਿੱਤੀਆਂ ਹਨ। ਦੂਜੇ ਪਾਸੇ ਬਦਲਾਅ ਦੇ ਨਾਂ ‘ਤੇ ਪੰਜਾਬ ‘ਚ ਸੱਤਾ ਸੰਭਾਲਣ ਵਾਲੇ ਕੇਜਰੀਵਾਲ ਗੈਂਗ ਨੇ ਸਿਰਫ ਇਕ ਸਾਲ ‘ਚ ਹੀ ਪੰਜਾਬੀਆਂ ਨੂੰ ਪਛਤਾਉਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੰਜਾਬ ਵਿੱਚ ਨਿੱਤ ਹੋ ਰਹੇ ਕਤਲਾਂ, ਲੁੱਟਾਂ-ਖੋਹਾਂ, ਫਿਰੋਤੀ ਮੰਗੇ ਜਾਣ ਦੀਆਂ ਘਟਨਾਵਾਂ, ਨਸ਼ੇ ਨਾਲ ਮਰ ਰਹੇ ਨੌਜਵਾਨਾਂ ‘ਤੇ ਸੂਬਾ ਸਰਕਾਰ ਚੁੱਪ ਹੈ। ਦੂਜੇ ਪਾਸੇ ਜਲੰਧਰ ਦੇ ਵਪਾਰੀ ਟਿੰਮੀ ਚਾਵਲਾ ਕਤਲ ਕਾਂਡ ਵਿੱਚ ਉਸ ਦੇ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦਾ ਡਰਾਈਵਰ ਬਣ ਕੇ ਪੰਜਾਬ ਦੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਦੂਜੇ ਸੂਬਿਆਂ ਵਿੱਚ ਘੁੰਮ ਰਹੇ ਹਨ।
ਮੋਨਾ ਜੈਸਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ ‘ਚ ਨਹੀਂ ਆਉਣਗੇ। ਪੰਜਾਬ ਸਰਕਾਰ ਵੱਲੋਂ ਲਤੀਫਪੁਰਾ ਵਿੱਚ ਉਜਾੜੇ ਗਏ ਪਰਿਵਾਰਾਂ ਅਤੇ ਉਨ੍ਹਾਂ ਦੇ ਜ਼ਬਰਦਸਤੀ ਢਾਹੇ ਗਏ ਘਰਾਂ ਨੂੰ ਲੋਕ ਨਹੀਂ ਭੁੱਲੇ। ਜਲੰਧਰ ਜ਼ਿਮਨੀ ਚੋਣ ‘ਚ ਇਕਪਾਸੜ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਵਿਕਾਸ ਦੇ ਪਹੀਏ ਨੂੰ ਬਲ ਦੇਣਗੇ। ਜਿਸ ਲਈ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਸਮਰਪਿਤ ਹੋ ਕੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ।