ਅੰਮ੍ਰਿਤਸਰ 18 ਜਨਵਰੀ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਨਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੈਂਦੇ ਵਾਰਡ ਨੰ.19 ਦੇ ਇਲਾਕੇ ਸੁੰਦਰ ਨਗਰ, ਮੁਸਤਫ਼ਾਬਾਦ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਲੱਗੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਲਾਕਾ ਨਿਵਾਸੀਆਂ ਵੱਲੋਂ ਮੇਅਰ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਸੁੰਦਰ ਨਗਰ, ਮੁਸਤਫ਼ਾਬਾਦ ਦੇ ਇਲਾਕਾ ਨਿਵਾਸੀਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਨਵੇਂ ਟਿਊਬਵੈੱਲ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਸੁੰਦਰ ਨਗਰ ਤੇ ਮੁਸਤਫਾਬਾਦ ਦੇ ਹੋਰ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਸੁਖਾਲਾ ਮੁਹੱਈਆ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਅੱਜ ਦੇ ਯੁੱਗ ਦੀ ਲੋੜ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਿੱਤੀ ਜਾਵੇ ਅਤੇ ਸਾਨੂੰ ਇਸ ਦੇ ਸਾਂਭ-ਸੰਭਾਲ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ ਜੋਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਇਸ ਅਵਸਰ ਤੇ ਉਹਨਾਂ ਦੇ ਨਾਲ ਸ਼੍ਰੀਮਤੀ ਗੁਰਜੀਤ ਕੌਰ ਕੌਂਸਲਰ, ਅਨੇਕ ਸਿੰਘ, ਕੁਲਵੰਤ ਸਿੰਘ ਵੇਰਕਾ, ਸੀਤਾ ਰਾਮ, ਧੱਮੂ ਪ੍ਰਧਾਨ, ਐਸ.ਡੀ.ਓ. ਹਰਜਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।