ਬੁਢਲਾਡਾ, 15 ਦਸੰਬਰ (ਦਵਿੰਦਰ ਸਿੰਘ ਕੋਹਲੀ)-ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਰਹਿਨੁਮਈ ਹੇਠ ਬੁਢਲਾਡਾ ਬਲਾਕ ‘ਚ ਗਰਭਵਤੀਆਂ ਸਮੇਤ ਨਿੱਕੇ ਬੱਚਿਆਂ ਅਤੇ ਆਮ ਲੋਕਾਂ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਇਸੇ ਕੜੀ ਤਹਿਤ ਵਿਚ ਬਲਾਕ ਬੁਢਲਾਡਾ ਵਿੱਚ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਗਰਭਵਤੀਆਂ ਤੇ ਛੋਟੇ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਵਲੋਂ ਮਮਤਾ ਦਿਵਸ ਦੌਰਾਨ ਸਿਹਤ ਸਹੂਲਤਾਂ ਦੀ ਜਾਂਚ ਕੀਤੀ ।ਉਨ੍ਹਾਂ ਸਮੁੱਚੇ ਮੁਲਾਜ਼ਮਾਂ ਨੂੰ ਹਦਾਇਤਾਂ ਕਰਦੇ ਹੋਏ ਦੱਸਿਆ ਕਿ ਮਮਤਾ ਦਿਵਸ ਗਰਭਵਤੀ ਔਰਤਾਂ ਲਈ ਮੁੱਢਲੇ ਪੜਾਅ ‘ਤੇ ਬਿਮਾਰੀ ਦਾ ਪਤਾ ਲਗਾਉਣ, ਇਲਾਜ ਪ੍ਰਬੰਧਨ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਇਕ ਵੱਡਾ ਪਲੇਟਫਾਰਮ ਹੈ। ਇਸ ਲਈ ਮਮਤਾ ਦਿਵਸ ਦੋਰਾਨ ਇਨ੍ਹਾਂ ਬਿੰਦੂਆਂ ‘ਤੇ ਖਾਸ ਧਿਆਨ ਦਿੱਤਾ ਜਾਵੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਜਣੇਪੇ ਦੌਰਾਨ ਗਰਭਵਤੀ ਔਰਤਾਂ ਦੀਆਂ ਹੋਣ ਵਾਲੀਆਂ ਮੌਤਾਂ ‘ਤੇ ਕਾਬੂ ਪਾਉਣ ਲਈ ਪੂਰੀ ਤਰਾਂ ਯਤਨਸ਼ੀਲ ਹੈ। ਸਿਹਤ ਵਿਭਾਗ ਦਾ ਮੁੱਖ ਮਕਸਦ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨਾ ਹੈ, ਇਸ ਲਈ ਨਵਜੰਮ ਬੱਚਿਆਂ ਦਾ ਸਮੇਂ ਸਿਰ ਸੰਪੂਰਨ ਟੀਕਾਕਰਨ ਅਤੇ ਗਰਭਵਤੀ ਔਰਤਾਂ ਦਾ ਸੰਸਥਾਗਤ ਜਣੇਪਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਇਕ ਤੰਦਰੁਸਤ ਮਾਂ ਹੀ ਸਿਹਤਮੰਦ ਬੱਚੇ ਨੂੰ ਜਨਮ ਦੇ ਸਕਦੀ ਹੈ, ਇਸ ਲਈ ਹਰ ਗਰਭਵਤੀ ਔਰਤ ਨੂੰ 4 ਏ.ਐੱਨ.ਸੀ. ਜਾਂਚ, ਟੀਟੀ ਦੇ ਦੋ ਟੀਕੇ, ਆਇਰਨ ਤੇ ਕੈਲਸ਼ੀਅਮ ਦੀਆਂ ਨਿਰਧਾਰਿਤ ਖੁਰਾਕਾਂ ਲੈਟੀਆਂ ਜ਼ਰੂਰੀ ਹੈ। ਗਰਭਵਤੀ ਔਰਤ ਨੂੰ ਸੰਤੁਲਿਤ ਭੋਜਨ ਕਰਨਾ ਜ਼ਰੂਰੀ ਹੈ। ਰੋਜ਼ਾਨਾ 40 ਮਿੰਟ ਸੈਰ ਕਰਨ ਤੋਂ ਇਲਾਵਾ ਰਾਤ ਨੂੰ ਗੂੜੀ ਨੀਂਦ ਲੈਣੀ ਚਾਹੀਦੀ ਹੈ।ਸਿਹਤ ਸੁਪਰਵਾਈਜਰ ਪਰਮਜੀਤ ਕੌਰ ਨੇ ਦੱਸਿਆ ਕਿ ਮਮਤਾ ਦਿਵਸ ‘ਤੇ ਗਰਭਵਤੀ ਔਰਤਾਂ ਨੂੰ ਟੈਟਨੈੱਸ ਦੇ ਟੀਕੇ ਅਤੇ ਖੂਨ ਵਧਾਉਣ ਲਈ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ, ਕੈਲਸ਼ੀਅਮ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਗਲਘੋਟੂ, ਕਾਲੀ ਖੰਘ, ਤਪਦਿਕ, ਪੋਲੀਓ, ਦਿਮਾਗੀ ਬੁਖਾਰ, ਖਸਰਾਂ, ਪੀਲੀਆ, ਨਿਮੋਨੀਆ ਅਤੇ ਟੈਟਨੈੱਸ ਆਦਿ ਤੋਂ ਬਚਾਅ ਸਬੰਧੀ ਟੀਕੇ ਲਗਾਏ ਜਾਂਦੇ ਹਨ ‘ ਤੇ ਬੱਚਿਆਂ ਵਿਚ ਅੰਧਰਾਤੇ ਦੀ ਬਿਮਾਰੀ ਤੋਂ ਬਚਾਅ ਲਈ ਵਿਟਾਮਿਨ-ਏ ਦਾ ਘੋਲ ਵੀ ਮੁਫ਼ਤ ਦਿੱਤਾ ਜਾਂਦਾ ਹੈ।