ਬੁਢਲਾਡਾ, 12 ਸਤੰਬਰ – (ਦਵਿੰਦਰ ਸਿੰਘ ਕੋਹਲੀ) – ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੱਦੇ ‘ਤੇ ਕਿਸਾਨ-ਮਜਦੂਰ ਆਗੂਆਂ ਨੇ ਐਸ.ਡੀ.ਐਮ. ਬੁਢਲਾਡਾ ਨੂੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੂੰ ਮਹਾਂਮਾਰੀ ਘੋਸਿ਼ਤ ਕੀਤਾ ਅਤੇ ਪਸ਼ੂ ਪਾਲਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰਾਂ ਕਰਨ ਲਈ ਉਚਿੱਤ ਮੁਆਵਜ਼ਾ ਦੇਣ।
ਵਫਦ ਨੂੰ ਸ੍ਰੀ ਪ੍ਰਮੋਦ ਕੁਮਾਰ ਸਿੰਗਲਾ ਐਸ.ਡੀ.ਐਮ.ਬੁਢਲਾਡਾ ਨੇ ਭਰੋਸਾ ਦਿੱਤਾ ਕਿ ਉਹ ਇਨਾਂ ਮੰਗ ਪੱਤਰਾਂ ਨੂੰ ਪਹੁੰਚਾ ਦੇਣਗੇ।
ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਉਪ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਗਸ਼ੀਰ ਸਿੰਘ ਬਰੇਟਾ ਨੇ ਕਿਹਾ ਕਿ ਦੇਸ਼ ਖਾਸ ਕਰਕੇ ਪੰਜਾਬ ਵਿੱਚ ਕਿਸਾਨੀ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੀ ਹੋਈ ਹੈ ਅਤੇ ਕਿਸਾਨਾਂ ਨੇ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਜਿਵੇਂ ਗਾਵਾਂ , ਮੱਝਾਂ ਆਦਿ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਪਰੰਤੂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੇ ਪਸ਼ੂ ਪਾਲਕਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਮੁਫ਼ਤ ਇਲਾਜ ਅਤੇ ਰੋਕਥਾਮ ਲਈ ਟੀਕਾਕਰਨ (ਵੈਕਸੀਨ) ਵੱਡੇ ਪੱਧਰ ‘ਤੇ ਕਰਵਾਇਆ ਜਾਵੇ। ਲੰਪੀ ਸਕਿਨ ਦੀ ਬਿਮਾਰੀ ਨਾਲ ਮਰਨ ਵਾਲੇ ਪਸ਼ੂਆਂ ਦਾ ਸਰਵੇ ਕਰਵਾ ਕੇ ਸਬੰਧਤ ਮਾਲਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਮਰੇ ਹੋਏ ਪਸ਼ੂਆਂ ਨੂੰ ਦਬਾਉਣ ਦਾ ਇੰਤਜ਼ਾਮ ਸਰਕਾਰੀ ਖਰਚੇ ‘ਕੀਤਾ ਜਾਵੇ।
ਅੱਜ ਇਸ ਮੌਕੇ ਕਿਸਾਨ ਸਭਾ ਦੇ ਜ਼ਿਲਾ ਮੀਤ ਸਕੱਤਰ ਹਰਜਿੰਦਰ ਸਿੰਘ ਬਰੇਟਾ , ਜਸਵੰਤ ਸਿੰਘ ਬੀਰੋਕੇ , ਦਲਜੀਤ ਸਿੰਘ , ਜਸਵੀਰ ਸੋਨੀ , ਬਰਖਾ ਸਿੰਘ , ਤਰਸੇਮ ਸਿੰਘ ਬਹਾਦਰਪੁਰ ਆਦਿ ਆਗੂ ਮੌਜੂਦ ਸਨ।