ਬੁਢਲਾਡਾ, 11 ਅਗਸਤ (ਦਵਿੰਦਰ ਸਿੰਘ ਕੋਹਲੀ) : ਪੰਜਾਬ ਸਰਕਾਰ ਵੱਲੋਂ 36 ਲੱਖ ਪਰਿਵਾਰਾਂ ਨੂੰ ਆਟੇ ਦੀ ਹੋਮ ਡਲਿਵਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਆਮ ਜਨਤਾ ’ਚ ਜਿੱਥੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਾਸ਼ਨ ਲੈਣ ਸਮੇਂ ਡਿੱਪੂਆਂ ਦੇ ਬਾਹਰ ਕਈ-ਕਈ ਘੰਟੇ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਉਨ੍ਹਾਂ ਵਿਅਕਤੀਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲਕੀਰਾਂ ਆਉਣ ਲੱਗੀਆਂ ਹਨ, ਜਿਨ੍ਹਾਂ ਨੇ ਆਪਣੀ ਪਛਾਣ ਛੁਪਾ ਕੇ ਲੋੜਵੰਦਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੋਇਆ ਹੈ। ਇਸ ਸਕੀਮ ਤਹਿਤ ਕਈ ਨਾਜਾਇਜ਼ ਕਾਰਡਧਾਰਕ ਲੋਕਾਂ ਦੇ ਗ਼ਰੀਬ ਹੋਣ ਦੇ ਭੇਤ ਖੋਲ੍ਹੇਗੇ। ਸਰਕਾਰ ਵੱਲੋਂ ਜਦੋਂ ਹੋਮ ਡਲਿਵਰੀ ਵੈਨ ਘਰ ਪਹੁੰਚੇਗੀ ਤਾਂ ਨਾਜਾਇਜ਼ ਕਾਰਡਧਾਰਕ ਦਾ ਸੱਚ ਉਜਾਗਰ ਹੋ ਜਾਣਗੇ। ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕਰਦਿਆਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸੋਨੀ, ਸਤੀਸ਼ ਕੁਮਾਰ ਸਿੰਗਲਾ, ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਗ਼ਰੀਬ ਲੋਕਾਂ ਦੇ ਹੱਕ ’ਚ ਚੰਗਾ ਫ਼ੈਸਲਾ ਹੈ ਤਾਂ ਜੋ ਸਹੀ ਹੱਥਾਂ ’ਚ ਅਨਾਜ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਫਲੈਗਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਇਕ ਅਕਤੂਬਰ ਤੋਂ ਕਣਕ ਦੇ ਆਟੇ ਦੀ ਹੋਮ ਡਲਿਵਰੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੀ ਹੈ। ਇਸ ਸਕੀਮ ਤਹਿਤ ਸੂਬੇ ਦੇ ਕਰੀਬ 36 ਲੱਖ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਇਸ ਸਕੀਮ ਦਾ ਮੁਲਾਂਕਣ ਕਰਨ ਲਈ ਨਿਯੁਕਤ ਨੋਡਲ ਏਜੰਸੀ ਮਾਰਕਫੈੱਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਾਹਿਰ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਾਰੇ ਲਾਭਪਾਤਰੀਆਂ ਨੂੰ ਜਲਦ ਹੀ ਆਪਣੇ ਬਦਲ ਦੇਣ ਲਈ ਕਿਹਾ ਜਾਵੇਗਾ ਕਿ ਉਹ ਆਟਾ ਲੈਣਾ ਚਾਹੁੰਦੇ ਹਨ ਜਾਂ ਫਿਰ ਕਣਕ। ਕਣਕ ਲੈਣ ਦੇ ਚਾਹਵਾਨਾਂ ਨੂੰ ਇਹ ਰਾਸ਼ਨ ਡਿਪੂਆਂ ਰਾਹੀਂ ਸਿੱਧੇ ਤੌਰ ’ਤੇ ਮਿਲੇਗਾ। ਇਸ ਤੋਂ ਇਲਾਵਾ ਜਿਹੜੇ ਲੋਕ ਆਟਾ ਲੈਣਾ ਚਾਹੁੰਦੇ ਹਨ, ਉਨ੍ਹਾਂ ਦੀ ਕਣਕ, ਆਟਾ ਚੱਕੀ ਮਾਲਕਾਂ ਨੂੰ ਪੀਸਣ ਲਈ ਭੇਜੀ ਜਾਵੇਗੀ। ਆਟੇ ਦੀ ਡਲਿਵਰੀ ਦੇ ਮਕਸਦ ਤਹਿਤ ਪੂਰੇ ਸੂਬੇ ਨੂੰ 8 ਜ਼ੋਨਾਂ ’ਚ ਵੰਡਿਆ ਗਿਆ ਹੈ। ਹਰੇਕ ਜ਼ੋਨ ਦੇ ਵੱਖਰੇ-ਵੱਖਰੇ ਡਲਿਵਰੀ ਪਾਰਟਨਰ ਹੋਣਗੇ, ਜੋ ਆਟਾ ਚੱਕੀਆਂ ਤੋਂ ਆਟਾ ਇਕੱਠਾ ਕਰਨਗੇ ਅਤੇ ਫਿਰ ਇਸ ਨੂੰ 36 ਲੱਖ ਪਰਿਵਾਰਾਂ ਦੇ ਦਰਵਾਜ਼ੇ ’ਤੇ ਪਹੁੰਚਾਉਣਗੇ।