ਸਿਕਲੀਗਰ ਤੇ ਵਣਜਾਰਾ ਸਮਾਜ ਨੂੰ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦਾ ਦਰਜਾ ਦੇਵੇ ਸਰਕਾਰ : ਪ੍ਰੋ: ਸਰਚਾਂਦ ਸਿੰਘ ਖਿਆਲਾ

0
42

ਨਵੀਂ ਦਿਲੀ ਵਿਖੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨਾਲ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਅਤੇ ਪੰਥਕ ਮਸਲਿਆਂ ਬਾਰੇ ਕੀਤੀ ਵਿਚਾਰ ਚਰਚਾ
ਅੰਮ੍ਰਿਤਸਰ / ਨਵੀਂ ਦਿਲੀ 19 ਜੁਲਾਈ (ਰਾਜਿੰਦਰ ਧਾਨਿਕ) : ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਬਾਦ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਿਕਲੀਗਰ, ਵਣਜਾਰਾ ਅਤੇ ਗੁੱਜਰ ਸਮਾਜ ਨੂੰ ਉਨ੍ਹਾਂ ਦੀਆਂ ਜਾਤੀਆਂ ਮੁਤਾਬਿਕ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਦਲਿਤਾਂ ਭਾਈਚਾਰੇ ਵਜੋਂ ਮਾਨਤਾ ਦੇਣ ਦੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ।
ਉਨ੍ਹਾਂ ਕਮਿਸ਼ਨ ਦੇ ਚੇਅਰਮੈਨ ਸ: ਲਾਲਪੁਰਾ ਨੂੰ ਇਕ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਦਲਿਤ ਵਰਗ ਦੇ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਦਾ ਹਰੇਕ ਲਾਭ ਮਿਲ ਰਿਹਾ ਹੈ। ਪਰ ਪੰਜਾਬ ਤੋਂ ਬਾਹਰ ਦੇ ਰਾਜਾਂ ਵਿਚ ’ਸਿੱਖ’ ਨੂੰ ਜਨਰਲ ਕੈਟਾਗਰੀ ਦਾ ਹੀ ਮੰਨਿਆ ਜਾਂਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਯੂ ਪੀ, ਗੁਜਰਾਤ, ਛੱਤੀਸਗੜ੍ਹ, ਆਂਧਰਾ ਆਂਦਰਾਂ, ਤੇਲੰਗਾਨਾ, ਹਰਿਆਣਾ ਤੇ ਰਾਜਸਥਾਨ ਆਦਿ ਵਿਚ ਆਬਾਦ ਸਿਕਲੀਗਰ, ਵਣਜਾਰੇ ਅਤੇ ਗੁੱਜਰ ਸਿੱਖਾਂ ਨੂੰ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਦਲਿਤ ਵਰਗ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਲੱਖਾਂ ਦੀ ਗਿਣਤੀ ’ਚ ਇਹ ਲੋਕ ਕੇਵਲ ’ਸਿੱਖ’ ਵਜੋਂ ਹੀ ਦਰਜ ਹਨ। ਜਿਸ ਕਾਰਨ ਉਨ੍ਹਾਂ ਨੂੰ ਸਰਕਾਰੀ ਸਕੀਮਾਂ, ਸਰਕਾਰੀ ਸਹੂਲਤਾਂ ਅਤੇ ਨੌਕਰੀਆਂ ਵਿੱਚ ਮਿਲਣ ਵਾਲੇ ਰਿਜ਼ਰਵ ਕੋਟੇ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਜਿਨ੍ਹਾਂ ਚ ਵਿੱਦਿਆ ਪ੍ਰਾਪਤੀ ਲਈ ਬੱਚਿਆਂ ਦੇ ਸਕੂਲ ਦੀਆਂ ਫ਼ੀਸਾਂ ਸਮੇਤ ਵਜ਼ੀਫ਼ੇ ਦਾ ਮਾਮਲਾ ਵੀ ਸ਼ਾਮਿਲ ਹੈ। ਇਹ ਗ਼ਰੀਬ ਲੋਕ ਹਨ ਅਤੇ ਕਈ ਤਾਂ ਸਕੂਲ ਦੀਆਂ ਫ਼ੀਸਾਂ ਦੇਣ ਤੋਂ ਵੀ ਅਸਮਰਥ ਹਨ। ਬੇਸ਼ੱਕ ਇਹਨਾਂ ਚੋਂ ਕਈਆਂ ਦੀ ਮਦਦ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਸਿੱਖ ਸੰਸਥਾਵਾਂ ਕਰ ਰਹੀਆਂ ਹਨ। ਸਕੂਲ ਫ਼ੀਸਾਂ ਦੀ ਮਦਦ ਹੀ ਕਰੀਬ 2 ਕਰੋੜ ਰੁਪਏ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੇਸ਼ ਦੇ ਇਨ੍ਹਾਂ ਵੱਖ ਵੱਖ ਸੂਬਿਆਂ ’ਚ ਆਬਾਦ ਸਿਕਲੀਗਰ, ਗੁੱਜਰ ਤੇ ਵਣਜਾਰੇ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਦੇ ਲਾਭ ਦਾ ਅਧਿਕਾਰੀ ਬਣਾਉਣ ਲਈ ਇਨ੍ਹਾਂ ਸੰਬੰਧਿਤ ਲੋਕਾਂ ਨੂੰ ਉਨ੍ਹਾਂ ਦੀਆਂ ਜਾਤੀਆਂ ਮੁਤਾਬਿਕ ਅਨੁਸੂਚਿਤ ਜਾਤੀਆਂ, ਪਛੜੀਆਂ ਸਰੀਰਕ ਤੇ ਦਲਿਤ ਵਰਗ ਦਾ ਸਟੇਟਸ ਦੇਣ ਲਈ ਜਾਤੀ ਸੂਚਕ ਸਰਟੀਫਿਕੇਟ ਤੇ ਅਧਾਰ ਕਾਰਡ ਜਾਰੀ ਕਰਨ ਪ੍ਰਤੀ ਧਾਰਾ 25 ਏ ਤਹਿਤ, ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਸਮੇਤ ਲੋੜੀਂਦੀ ਕਾਰਵਾਈ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਇਸ ਮੌਕੇ ਸ: ਇਕਬਾਲ ਸਿੰਘ ਲਾਲਪੁਰਾ ਨਾਲ ਪੰਜਾਬ ਅਤੇ ਸਿੱਖ ਕੌਮ ਦੇ ਪੰਥਕ ਮਸਲਿਆਂ ਤੋਂ ਇਲਾਵਾ ਸਮਾਜਿਕ ਸਰੋਕਾਰਾਂ ਬਾਰੇ ਸੰਜੀਦਗੀ ਨਾਲ ਲੰਮੀ ਵਿਚਾਰ ਚਰਚਾ ਕਰਨ ਉਪਰੰਤ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦੀ ਪੂਰੀ ਤਸੱਲੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਸਰਕਾਰ ਤੋਂ ਸੰਜੀਦਗੀ ਨਾਲ ਹੱਲ ਕਰਾਉਣ ਲਈ ਸ: ਲਾਲਪੁਰਾ ਦੇ ਰੂਪ ਵਿਚ ਪੰਥ ਕੋਲ ਇਕ ਸੁਲਝਿਆ ਹੋਇਆ ਪੰਥ ਦਰਦੀ ਆਗੂ ਮੌਜੂਦ ਹੈ। ਜੋ ਸਿੱਖੀ ਚਾਹਤ ਨੂੰ ਸੀਨੇ ’ਚ ਲੈ ਕੇ ਦਿਨ ਰਾਤ ਅਣਥੱਕ ਮਿਹਨਤ ਨਾਲ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਹਿਤੈਸ਼ੀ ਪਹੁੰਚ ਸਦਕਾ ਸਿੱਖ ਮਸਲਿਆਂ ਨੂੰ ਇਕ ਇਕ ਕਰਕੇ ਸੁਲਝਾ ਲਏ ਜਾਣ ਦਾ ਸ: ਲਾਲਪੁਰਾ ਨੇ ਯਕੀਨ ਦੁਆਇਆ ਹੈ।
ਕੈਪਸ਼ਨ : ਨਵੀਂ ਦਿਲੀ ਵਿਖੇ ਪੰਜਾਬ ਅਤੇ ਪੰਥਕ ਮਸਲਿਆਂ ਬਾਰੇ ਵਿਚਾਰ ਚਰਚਾ ਕਰਦੇ ਹੋਏ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ।

NO COMMENTS

LEAVE A REPLY