ਨਿਸ਼ਾਨ ਸਾਹਿਬ ਨਾਲ ਸਿੱਖੀ ਦੀ ਵਿਲੱਖਣਤਾ ਨੂੰ ਪਛਾਣ ਅਤੇ ਗੁਰਮਤਿ ਵਿਚਾਰਧਾਰਾ ਦਾ ਸੰਚਾਰ ਹੋਵੇਗਾ: ਡਾ: ਢਿੱਲੋਂ, ਵਿਕਰਾਂਤ, ਪ੍ਰੋ: ਖਿਆਲਾ
ਅੰਮ੍ਰਿਤਸਰ 16 ਜੁਲਾਈ (ਪਵਿੱਤਰ ਜੋਤ ) ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਵੱਲੋਂ ਨਵੀਂ ਦਿੱਲੀ ਵਿਖੇ ਆਪਣੀ ਸਰਕਾਰੀ ਰਿਹਾਇਸ਼ 95 ਲੋਧੀ ਅਸਟੇਟ ’ਤੇ ਨਿਸ਼ਾਨ ਸਾਹਿਬ ਸਥਾਪਿਤ ਕਰਨ ਦਾ ਸਿੱਖ ਆਗੂਆਂ ਵੱਲੋਂ ਪ੍ਰਸੰਸਾ ਕੀਤਾ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਜਾਰੀ ਸਾਂਝੇ ਬਿਆਨ ’ਚ ਭਾਜਪਾ ਬੁੱਧੀਜੀਵੀ ਸੈਲ ਦੇ ਕੋਆਰਡੀਨੇਟਰ ਅਤੇ ਸਾਬਕਾ ਵੀ ਸੀ ਡਾ: ਜਸਵਿੰਦਰ ਸਿੰਘ ਢਿੱਲੋਂ, ਭਾਜਪਾ ਬੁਲਾਰੇ ਕੁਲਦੀਪ ਸਿੰਘ ਕਾਹਲੋਂ, ਅਮਰਜੀਤ ਸਿੰਘ ਵਿਕਰਾਂਤ ਮੀਤ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਸਰਬਜੀਤ ਸਿੰਘ ਸੀਕੇਡੀ, ਡਾ: ਸੂਬਾ ਸਿੰਘ, ਨਿਸ਼ਾਨੇ ਸਿੱਖੀ ਦੇ ਡਾ: ਆਰ ਪੀ ਐਸ ਬੋਪਾਰਾਏ, ਅਰਵਿੰਦ ਸ਼ਰਮਾ ਰਈਆ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਰਿਹਾਇਸ਼ ’ਤੇ ਨਿਸ਼ਾਨ ਸਾਹਿਬ ਲਹਿਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਥਾਪਿਤ ਕਰਦਿਆਂ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਇਕ ਵਧੀਆ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਰਿਹਾਇਸ਼ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਰਿਹਾਇਸ਼ ਕੋਠੀ ਨੂੰ 95 ਲੋਧੀ ਅਸਟੇਟ ’ਤੇ ਝੂਲ ਰਿਹਾ ਨਿਸ਼ਾਨ ਸਾਹਿਬ ਸਰਦਾਰ ਇਕਬਾਲ ਸਿੰਘ ਦੀ ਗੁਰੂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ,ਨਿਸ਼ਾਨ ਸਾਹਿਬ ਆਸ ਦਾ ਕੇਂਦਰ ਤੇ ਗੁਰੂ ਸਾਹਿਬ ਦੀ ਹਾਜ਼ਰੀ ਦਾ ਐਲਾਨ ਹੈ। ਨਿਸ਼ਾਨ ਸਾਹਿਬ ਨਿਆਸਰਿਆਂ ਦਾ ਆਸਰਾ, ਸੁਰੱਖਿਆ ਤੇ ਸੇਵਾ ਦਾ ਪ੍ਰਤੀਕ ਹੈ ! ਜਿੱਥੇ ਗੁਰੂ ਸਾਹਿਬ ਦੇ ਚਰਨ ਪੈਣ ਉਹ ਥਾਂ ਭਾਗਾਂਵਾਲੀ ਹੁੰਦੀ ਹੈ । ਇਹ ਪਹਿਲੀ ਵਾਰ ਹੈ ਕਿ ਲੋਕ ਦਿੱਲੀ ਵਿਚ ਕਿਸੀ ਸਰਕਾਰੀ ਆਵਾਸ ਉੱਤੇ ਨਿਸ਼ਾਨ ਸਾਹਿਬ ਝੂਲਦਾ ਦੇਖਣਗੇ। ਪਿਛਲੇ 70 ਸਾਲਾਂ ਤੋਂ ਬਹੁਤ ਸਾਰੇ ਸਿੱਖ ਰਾਜਸੀ ਤੇ ਧਾਰਮਿਕ ਆਗੂ ਮੰਤਰੀ ਤੇ ਮੈਂਬਰ ਪਾਰਲੀਮੈਂਟ ਬਣ ਦਿਲੀ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਏ ਪਰ ਕਿੱਸੇ ਨੇ ਅਜਿਹਾ ਉਪਰਾਲਾ ਨਹੀਂ ਕੀਤਾ। ਉਨ੍ਹਾਂ ਸ: ਲਾਲਪੁਰਾ ਦੀ ਉਕਤ ਕਦਮ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਇੱਥੋਂ ਤਕ ਕਿਹਾ ਕਿ ਦਿਲੀ ’ਚ ਇਸ ਤੋਂ ਪੂਰਵ ਸਿੱਖੀ ਨਾਲ ਸੰਬੰਧਿਤ ਘਟ ਗਿਣਤੀ ਕਮਿਸ਼ਨ ਦੇ ਕਿਸੇ ਵੀ ਚੇਅਰਮੈਨ ਨੇ ਅਜਿਹਾ ਨਹੀਂ ਕਰ ਸਕਿਆ ਅਤੇ ਨਾ ਹੀ ਸਿੱਖ ਰਾਸ਼ਟਰਪਤੀ ਤੋਂ ਅਜਿਹਾ ਕਾਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਿਹਾਇਸ਼ ’ਤੇ ਨਿਸ਼ਾਨ ਸਾਹਿਬ ਦੀ ਸੇਵਾ ਸੰਭਾਲ ਨਾਲ ਸਮਾਜ ਦੇ ਦੂਜੇ ਵਰਗਾਂ ’ਚ ਸਿੱਖੀ ਦੀ ਵਿਲੱਖਣਤਾ ਨੂੰ ਪਛਾਣ ਅਤੇ ਗੁਰਮਤਿ ਵਿਚਾਰਧਾਰਾ ਦਾ ਸੰਚਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਲਾਲਪੁਰਾ ਪੁਲੀਸ ਪ੍ਰਸ਼ਾਸਨ’ਚ ਸੇਵਾ ਨਹੀਂ ਨਿਭਾਈ ਸਗੋਂ ਉੱਘੇ ਸਾਹਿਤਕਾਰ ਵੀ ਹਨ। ਜਿਨ੍ਹਾਂ ਨੂੰ ਇਸ ਸੇਵਾ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸਿੱਖ ਸਾਹਿਤਕਾਰ ਅਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ: ਲਾਲਪੁਰਾ ਜਿੱਥੇ ਵੀ ਰਹੇ ਗੁਰੂ ਪੰਥ ਦਾ ਨਿਸ਼ਾਨ ਸਾਹਿਬ ਘਰ ’ਤੇ ਝੂਲਦੇ ਰਹੇ ਹਨ, ਜਿਨ੍ਹਾਂ ’ਚ ਉਨ੍ਹਾਂ ਦੇ ਪਿੰਡ ਵਿਚਲਾ ਘਰ ਵੀ ਸ਼ਾਮਿਲ ਹੈ । ਆਗੂਆਂ ਨੇ ਕਿਹਾ ਕਿ ਕੌਮੀ ਨਿਸ਼ਾਨ ਦੇ ਸਤਿਕਾਰ ਤੇ ਵਿਸ਼ਵਾਸ ਲਈ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਵਧਾਈ ਦੇ ਪਾਤਰ ਹਨ, ਕਿ ਉਨ੍ਹਾਂ ਨੇ ਇਹ ਪੱਧਤੀ ਆਰੰਭ ਕੀਤੀ ਹੈ । ਅਸਲ ਵਿਚ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ, ਜਿਨ੍ਹਾਂ ਨੇ ਇਕ ਪੂਰਨ ਸਿੱਖ ਨੂੰ ਇਸ ਉੱਚ ਅਹੁਦੇ ’ਤੇ ਬਿਠਾ ਕੇ ਸਿੱਖ ਕੌਮ, ਪੰਜਾਬ ਅਤੇ ਦੇਸ਼ ਦੇ ਘੱਟਗਿਣਤੀ ਭਾਈਚਾਰਿਆਂ ਦੇ ਮਸਲੇ ਅਤੇ ਮਾਮਲਿਆਂ ਨੂੰ ਹੱਲ ਕਰਵਾਉਣ ਲਈ ਚੁਣਿਆ।