24 ਘੰਟਿਆਂ ਵਿੱਚ ਦੋ ਕਤਲ ਉਪਰੰਤ ਦਹਿਸ਼ਤ ਵਿੱਚ ਸ਼ਹਿਰ ਵਾਸੀ
_________
ਅੰਮ੍ਰਿਤਸਰ,12 ਜੂਨ (ਅਰਵਿੰਦਰ ਵੜੈਚ)- ਮਹਾਨਗਰ ਵਿਚ 24 ਘੰਟਿਆਂ ਦੇ ਦੌਰਾਨ ਗੋਲੀਆਂ ਚਲਾ ਕੇ ਵੱਖ ਵੱਖ ਘਟਨਾਵਾਂ ਦੌਰਾਨ ਦੋ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ। ਪੰਜਾਬ ਵਿੱਚ ਆਏ ਦਿਨੀਂ ਬੇਖੌਫ ਹਮਲਾਵਰ ਵੱਲੋਂ ਕੀਤੇ ਕਤਲਾਂ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਕਰੀਬ ਇੱਕ ਹਫਤਾ ਪਹਿਲਾਂ ਦੁਬਈ ਤੋਂ ਘਰ ਵਾਪਸ ਆਏ ਇਲਾਕਾ ਖੰਡਵਾਲਾ ਨਿਵਾਸੀ ਹਰਿੰਦਰ ਸਿੰਘ ਦੋ ਨਾ ਮਾਲੂਮ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਇਹ ਇਲਾਕਾ ਸੁਲਤਾਨਵਿੰਡ ਵਿਖੇ ਗੁਰਪ੍ਰੀਤ ਸਿੰਘ ਰਾਜਾ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਦੂਸਰਾ ਸਾਥੀ ਰਿਸ਼ੀ ਚੌਧਰੀ ਨੂੰ ਗੋਲੀ ਲੱਗੀ ਜੋ ਨਿਜੀ ਹਸਪਤਾਲ ਵਿਖੇ ਇਲਾਜ ਅਧੀਨ ਹਨ।
ਪੁਲਿਸ ਥਾਣਾ ਛੇਹਰਟਾ ਦੇ ਅਧੀਨ ਇਲਾਕੇ ਵਿੱਚ ਦੁਬਈ ਤੋਂ ਆਏ ਹਰਿੰਦਰ ਸਿੰਘ ਆਪਣੀ ਪਤਨੀ ਸਤਨਾਮ ਕੌਰ ਤੇ ਦੋ ਬੇਟੀਆਂ ਨਾਲ ਤੜਕਸਾਰ ਕਰੀਬ ਸਵਾ ਤਿੰਨ ਵਜੇ ਆਪਣੇ ਘਰ ਤੋਂ ਗੁਰਦੁਆਰਾ ਛੇਹਰਟਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਕਿ ਰਸਤੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਹਰਿੰਦਰ ਸਿੰਘ ਦੇ ਸਿਰ ਵਿੱਚ ਦੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਤਿਆਰੇ ਮੌਕੇ ਤੋਂ ਰਫ਼ੂਚੱਕਰ ਹੋ ਗਏ। ਪੱਤਰਕਾਰਾਂ ਵੱਲੋਂ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਛੇਹਰਟਾ ਦੇ ਇੰਚਾਰਜ ਨਵ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਗੱਲਬਾਤ ਕਰਨੀ ਮੁਨਾਸਿਬ ਨਹੀਂ ਸਮਝਿਆ।