ਸਿੱਧੂ ਮੂਸੇਵਾਲਾ ਦੀ ਹੱਤਿਆ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੇ ਕੀਤਾ ਦੁੱਖ ਜਾਹਿਰ
ਅੰਮ੍ਰਿਤਸਰ,30 ਮਈ (ਪਵਿੱਤਰ ਜੋਤ )- ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਕਿਓਰਟੀ ਵਾਪਸ ਲੈਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਅਤੇ ਗੈਰ ਜਰੂਰੀ ਹੈ। ਇਸ ਸਬੰਧੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਹਰਪ੍ਰੀਤ ਸਿੰਘ ਇੱਕ ਰਾਜਨੀਤਕ ਸਖਸ਼ੀਅਤ ਨਹੀਂ ਸਗੋਂ ਸਿੱਖਾਂ ਦੀ ਸਰਵ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਧਾਰਮਿਕ ਆਗੂ ਹਨ। ਅੱਜ ਤੋਂ ਪਹਿਲਾਂ ਸਮੇਂ ਦੀਆਂ ਸਰਕਾਰਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਹੀ ਫੈਸਲੇ ਲੈਂਦਿਆਂ ਆਪਣਾ ਫ਼ਰਜ਼ ਸਮਝ ਕੇ ਕੌਮ ਦੇ ਆਗੂਆਂ ਨੂੰ ਸੁਰੱਖਿਆ ਮੁਹਈਆ ਕਰਵਾਈ। ਜਦ ਕਿ ਸੂਬਾ ਸਰਕਾਰ ਨੇ ਧਾਰਮਿਕ ਖੇਤਰ ਨੂੰ ਵੀ ਰਾਜਨੀਤਕ ਅੰਦਰ ਲੈ ਆਂਦਾ ਹੈ ਜੋ ਇੱਕ ਬੇਹੱਦ ਅਫ਼ਸੋਸ ਜਨਕ ਫ਼ੈਸਲਾ ਹੈ। ਪ੍ਰਧਾਨ ਢੋਟ ਨੇ ਕਿਹਾ ਕਿ ਸਿੱਖ ਕੌਮ ਜਾਂ ਕਿਸੇ ਧਾਰਮਿਕ ਆਗੂ ਉੱਪਰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਫੈਡਰੇਸ਼ਨ (ਮਹਿਤਾ) ਕਿਸੇ ਵੀ ਹਾਲਤ ਵਿੱਚ ਚੁੱਪ ਨਹੀਂ ਬੈਠੇਗੀ। ਪੰਜਾਬ,ਪੰਜਾਬੀ, ਪੰਜਾਬੀਅਤ ਅਤੇ ਧਰਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫੈਡਰੇਸ਼ਨ ( ਮਹਿਤਾ ) ਵੱਲੋਂ ਪਿਛਲੇ ਸਮੇਂ ਦੌਰਾਨ ਹਮੇਸ਼ਾ ਵਡਮੁੱਲਾ ਯੋਗਦਾਨ ਅਦਾ ਕੀਤਾ ਜਾਂਦਾ ਰਿਹਾ ਹੈ। ਅਗਰ ਕਿਸੇ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਗਲਤ ਫੈਸਲੇ ਵਾਪਸ ਨਾ ਲਏ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਹੱਕਾਂ ਨੂੰ ਵਾਪਸ ਲੈਣਾ ਅਤੇ ਹੱਕਾਂ ਦੀ ਰਾਖੀ ਕਰਨਾ ਖੁਦ ਜਾਂਣਦੀ ਹੈ।
ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦਾ ਮੰਦਭਾਗਾ ਫੈਸਲੇ ਦਾ ਜਿਉਂਦਾ ਜਾਗਦਾ ਸਬੂਤ ਰਾਜਨੈਤਿਕ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੀ ਹੱਤਿਆ ਹੈ। ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦੇ ਇਸ ਮਾਮਲੇ ਨੂੰ ਲੈ ਕੇ ਦੇਸ਼ ਤੇ ਵਿਦੇਸ਼ਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਜੱਗ ਜਾਹਿਰ ਹੋਈ ਹੈ। ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਗੈਰਕਨੂਨੀ ਘਟਨਾਵਾਂ ਦਾ ਵਾਧਾ ਹੋਇਆ ਹੈ। ਆਏ ਦਿਨੀਂ ਹੋ ਰਹੀਆਂ ਘਟਨਾਵਾਂ ਅਤੇ ਗੈਂਗਵਾਰ ਦੇ ਚੱਲਦਿਆਂ ਲੋਕ ਡਰ ਨਾਲ ਭਰਿਆ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਰਹੇ ਹਨ। ਪੰਜਾਬ ਸਰਕਾਰ ਆਪਣੇ ਆਪ ਹੁਦਰੇ ਗਲਤ ਫੈਸਲਿਆ ਤੋਂ ਬਾਜ ਨਾ ਆਈ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਪੂਰੇ ਪੰਜਾਬ ਦੇ ਆਪਣਾ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦੇਵੇਗੀ। ਜਿਸ ਦੇ ਅੱਗੇ ਪੰਜਾਬ ਸਰਕਾਰ ਨੂੰ ਗੋਡੇ ਟੇਕਣ ਲਈ ਮਜ਼ਬੂਰ ਹੋਣਾ ਪਵੇਗਾ।