ਅੰਮ੍ਰਿਤਸਰ 16 ਮਈ (ਪਵਿੱਤਰ ਜੋਤ) : ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਡਾ. ਇੰਦਰਬੀਰ ਸਿੰਘ ਨਿੱਜਰ ਮੈਂਬਰ ਪੰਜਾਬ ਵਿਧਾਨ ਸਭਾ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਦਾ ਸਵਾਗਤ ਡਾ: ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ।
ਇਸ ਫੇਰੀ ਦੌਰਾਨ ਡਾ: ਇੰਦਰਜੀਤ ਕੌਰ ਨੇ ਉਨ੍ਹਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਉਪਰ ਉਨ੍ਹਾਂ ਦੀਆਂ ਤਸਵੀਰਾਂ ਰਾਹੀਂ ਝਾਤੀ ਪਵਾਈ । ਫਿਰ ਉਹ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨਾਲ ਸਮਾਰਟ ਕਲਾਸ ਦੇ ਵਿਚ ਮੁਲਾਕਾਤ ਕੀਤੀ । ਉਪਰੰਤ ਉਨ੍ਹਾਂ ਨੇ ਬੱਚਾ ਵਾਰਡ ਅਤੇ ਮਰਦਾਨਾ ਵਾਰਡ ਵਿਚ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਮਰੀਜ਼ਾਂ ਨਾਲ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ । ਇਸ ਤੋਂ ਬਾਅਦ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਸਕੂਲ ਵਿਚ ਉਨ੍ਹਾਂ ਨੇ ਸੈਨਸਰੀ ਰੂਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਬੱਚਿਆਂ ਦੇ ਅੰਤਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਵਿਚ ਮੈਡਲ ਜਿੱਤਣ ਤੇ ਉਨ੍ਹਾਂ ਨੂੰ ਵਧਾਈ ਦਿਤੀ । ਇਸ ਤੋਂ ਬਾਅਦ ਉਨ੍ਹਾਂ ਨੇ ਭਗਤ ਪੂਰਨ ਸਿੰਘ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿਚ ਜਾ ਕੇ ਉਨ੍ਹਾਂ ਦੇ ਵਿੱਦਿਅਕ ਢਾਂਚੇ ਬਾਰੇ ਜਾਣਕਾਰੀ ਹਾਸਿਲ ਕੀਤੀ ।
ਇਸ ਤੋਂ ਬਾਅਦ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਉਨ੍ਹਾਂ ਨੂੰ ਇਕ ਬੇਨਤੀ-ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ 4 ਜੂਨ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। 5 ਜੂਨ ਦਾ ਦਿਹਾੜਾ ਵਿਸ਼ਵ ਵਾਤਾਵਰਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਲਈ ਇਹ ਉਚਿਤ ਕਿ ਇਸ ਸਾਲ 4 ਜਾਂ 5 ਜੂਨ 2022 ਦਾ ਦਿਹਾੜਾ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਪ੍ਰਤੀ ਕੀਤੇ ਕਾਰਜਾਂ ਨੂੰ ਸਮਰਪਿਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜ-ਪੱਧਰੀ ਸਮਾਗਮ ਦੇ ਤੌਰ ‘ਤੇ ਮਨਾਇਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਯੋਜਨ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਅਤੇ ਵਾਤਾਵਰਨ ਸੰਬੰਧੀ ਕੀਤੇ ਕਾਰਜਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਭੇਟ ਕਰੇਗਾ।
ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੀ ਫੇਰੀ ਉਪਰੰਤ ਭਾਵੁਕ ਹੁੰਦੇ ਹੋਏ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਨੂੰ ਇਹ ਯਕੀਨ ਦਵਾਇਆ ਕਿ ਉਹ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਰਾਹੀਂ ਉਪਰੋਕਤ ਸੁਝਾਅ ਤੇ ਗੌਰ ਕਰਨ ਲਈ ਪੂਰਾ ਜੋਰ ਦੇ ਕੇ ਮਨਜੂਰ ਕਰਨ ਦੀ ਬੇਨਤੀ ਕਰਨਗੇ ।
ਇਸ ਮੌਕੇ ਪਿੰਗਲਵਾੜਾ ਪਰਿਵਾਰ ਵਲੋਂ ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰ: ਜੈ ਸਿੰਘ, ਸ੍ਰੀ ਯੋਗੇਸ਼ ਸੂਰੀ, ਸ੍ਰ. ਨਰਿੰਦਰਪਾਲ ਸਿੰਘ, ਸ਼੍ਰੀ. ਗੁਲਸ਼ਨ ਰੰਜਨ ਆਦਿ ਹਾਜ਼ਿਰ ਸਨ।