ਗੁਰੂ ਸਾਹਿਬਾਨ ਦਾ ਸਿਧਾਂਤ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਸਮਰਥ : ਰਾਜਪਾਲ ਸ਼੍ਰੀ ਬਨ੍ਹਵਾਰੀ ਲਾਲ ਪੁਰੋਹਿਤ
ਡਾ: ਅੰਬੇਦਕਰ ਦੇ ਵਿਚਾਰਾਂ ਨੂੰ ਅਪਣਾਉਣ, ਜਾਤਪਾਤ ਦੇ ਖਾਤਮੇ ਤੋਂ ਇਲਾਵਾ ਸੰਵਿਧਾਨ ਨੂੰ ਮਜ਼ਬੂਤ ਬਣਾਉਣਾ ਦਿਤਾ ਜੋਰ
ਸਮਾਜਿਕ ਨਿਆਂ, ਬਰਾਬਰਤਾ, ਰੁਜ਼ਗਾਰ ਅਤੇ ਸਾਂਝੀਵਾਲ ਸਮਾਜ ਦੀ ਸਿਰਜਣਾ ਦੀ ਪਹਿਲ ਪੰਜਾਬ ਤੋਂ ਹੋਵੇ: ਡਾ: ਰਾਜੂ
ਸਾਬਕਾ ਚੀਫ਼ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ, ਸ਼੍ਰੀ ਦੁਸ਼ਯੰਤ ਕੁਮਾਰ ਗੌਤਮ, ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਵੀ ਸੀ ਡਾ: ਜਸਪਾਲ ਸਿੰਘ ਸੰਧੂ ਨੇ ਵੀ ਕੀਤਾ ਸੰਬੋਧਨ
ਅੰਮ੍ਰਿਤਸਰ 13 ਅਪ੍ਰੈਲ ( ਪਵਿੱਤਰ ਜੋਤ ) : ਮਾਨਯੋਗ ਰਾਜਪਾਲ ਪੰਜਾਬ ਅਤੇ ਯੂਟੀ-ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨ੍ਹਵਾਰੀ ਲਾਲ ਪੁਰੋਹਿਤ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ਨੂੰ ਵਿਸ਼ਵ ਗੁਰੂ( ਸ਼ਕਤੀ) ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਸਿਧਾਂਤ ’ਤੇ ਅਮਲ ਕਰਨਾ ਹੋਵੇਗਾ ਅਤੇ ਡਾ: ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਨੂੰ ਅਪਣਾਉਣ ਤੋਂ ਇਲਾਵਾ ਸੰਵਿਧਾਨ ਨੂੰ ਮਜ਼ਬੂਤ ਬਣਾਉਣਾ ਪਵੇਗਾ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਐਸ ਕੇ ਰਾਜੂ ਲੀਗਲ ਟਰੱਸਟ ਦੇ ਚੇਅਰਮੈਨ ਡਾ: ਜਗਮੋਹਨ ਸਿੰਘ ਰਾਜੂ ਆਈ ਏ ਐਸ (ਸੇਵਾਮੁਕਤ) ਵੱਲੋਂ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਸਿੱਖ ਧਰਮ, ਡਾ. ਅੰਬੇਡਕਰ ਅਤੇ ਸੰਵਿਧਾਨ: ਜਾਤਪਾਤ ਦਾ ਖ਼ਾਤਮਾ ਵਿਸ਼ੇ ’ਤੇ ਸੈਮੀਨਾਰ ਦੀ ਪ੍ਰਧਾਨਗੀ ਕਰਨ ਲਈ ਪੁੱਜਣ ’ਤੇ ਪੰਜਾਬ ਦੇ ਰਾਜਪਾਲ ਸ਼੍ਰੀ ਬਨ੍ਹਵਾਰੀ ਲਾਲ ਪੁਰੋਹਿਤ ਦਾ ਡਾ: ਜਗਮੋਹਨ ਸਿੰਘ ਰਾਜੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਇਕ ਮਹੱਤਵ ਪੂਰਨ ਵਿਸ਼ੇ ’ਤੇ ਸਫਲਤਾਪੂਰਵਕ ਸੈਮੀਨਾਰ ਆਯੋਜਿਤ ਕਰਨ ਲਈ ਡਾ: ਰਾਜੂ ਦੀ ਭਰਪੂਰ ਸ਼ਲਾਘਾ ਕੀਤੀ। ਵਿਸਾਖੀ ਅਤੇ ਡਾ: ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦੇ ਸਵਾਗਤੀ ਭਾਸ਼ਣ ’ਚ ਇਸ ਦੇ ਆਯੋਜਕ ਤੇ ਕੇ ਐਸ ਰਾਜੂ ਲੀਗਲ ਟਰੱਸਟ ਦੇ ਚੇਅਰਮੈਨ ਤੇ ਭਾਜਪਾ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਟਰੱਸਟ ਦੇ ਮਿਸ਼ਨ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਉਸਾਰੂ ਤੇ ਬਰਾਬਰਤਾ ਵਾਲਾ ਸਮਾਜ, ਜਵਾਬਦੇਹੀ ਪ੍ਰਸ਼ਾਸਨ ਅਤੇ ਨਿਆਂਪੂਰਨ ਵਾਤਾਵਰਨ ਸਿਰਜਣ ਵਿਚ ਉਸਾਰੂ ਭੂਮਿਕਾ ਨਿਭਾਉਣਾ ਟਰੱਸਟ ਦਾ ਪ੍ਰਥਮ ਲਕਸ਼ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਾ, ਬੇਰੁਜ਼ਗਾਰੀ, ਨੌਜਵਾਨਾਂ ਦਾ ਵਿਦੇਸ਼ਾਂ ਨੂੰ ਪਲਾਇਨ, ਆਰਥਿਕ ਮੰਦੀ ਅਤੇ ਕੱਟੜਵਾਦ( ਅਤਿਵਾਦ) ਦੀਆਂ ਇਹ ਪੰਜ ਬਲਾਵਾਂ ( ਜਿੰਨ) ਨੇ ਪੰਜਾਬੀ ਸਮਾਜ ਨੂੰ ਜਕੜਿਆ ਹੋਇਆ ਹੈ। ਸਦੀਆਂ ਤੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਇਨ੍ਹਾਂ ਬਲਾਵਾਂ ਦਾ ਖ਼ਾਤਮਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਬਲਾਵਾਂ ਜਾਤਪਾਤ ਦੀ ਉਪਜ ਹਨ। ਜਾਤਪਾਤ, ਭੇਦਭਾਵ, ਵਿਤਕਰਾ ਅਤੇ ਜ਼ੁਲਮ ਦੇ ਖ਼ਾਤਮੇ ਪ੍ਰਤੀ ਸੰਵਿਧਾਨਕ ਦ੍ਰਿੜ੍ਹਤਾ ਦੇ ਬਾਵਜੂਦ ਸਮਾਜ ਵਿਚ ਅੱਜ ਵੀ ਜਾਤਪਾਤ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸਦੀਆਂ ਪਹਿਲਾਂ ਖ਼ਾਲਸੇ ਦੀ ਸਿਰਜਣਾ ਨਾਲ ਜਾਤਪਾਤ ਦੀ ਅਲਾਮਤ ਨੂੰ ਜੜ੍ਹੋਂ ਪੁੱਟਿਆ ਗਿਆ। ਜਦ ਤਕ ਖ਼ਾਲਸਾ ਨਿਆਰਾ ਰਿਹਾ ਨਸ਼ਾ ਤੇ ਹੋਰ ਅਲਾਮਤਾਂ ਦੂਰ ਹੀ ਰਹੀਆਂ। ਇਸ ਦੇ ਨਿਆਰੇਪਣ ਨੂੰ ਖੋਰਾ ਲਗਦਿਆਂ ਹੀ ਇਹ ਜਾਤਪਾਤ ਜਿੰਨ ਮੁੜ ਆਇਆ ਹੈ। ਇਸ ਦੇ ਖ਼ਾਤਮੇ ਦਾ ਤਰੀਕਾ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੰਕਲਪਾਂ ’ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਵਿਚ ਮੌਜੂਦ ਹੈ। ਉਨ੍ਹਾਂ ਮੁਫ਼ਤਖ਼ੋਰੀ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਲੋਥ ਭਾਵ ਦਲਿੱਦਰ ਤੇ ਆਲਸ ਤੋਂ ਬਚਾਉਣ ਲਈ ਕਿਰਤ ਕਰਨ ’ਤੇ ਜ਼ੋਰ ਦਿੱਤਾ। ਦਲਿੱਦਰੀ ਮਨੁੱਖ ਨੂੰ ਧਾਰਮਿਕ ਤੇ ਸਮਾਜਕ ਕੰਮਾਂ ਵਿਚ ਹੀ ਰੁਕਾਵਟ ਨਹੀਂ ਪਾਉਂਦੀ ਸਗੋਂ ਵਿਨਾਸ਼ਕਾਰੀ ਵੀ ਹੈ। ਉਨ੍ਹਾਂ ਕਿਹਾ ਕਿ ਆਲਸ ਕਾਰਨ ਆਰਥਿਕ ਮੰਦਹਾਲੀ ਦਰਪੇਸ਼ ਹੁੰਦੀ ਹੈ ਅਤੇ ਸਮਾਜ ਢਹਿ ਢੇਰੀ ਹੋ ਜਾਂਦਾ ਹੈ। ਮੁਫ਼ਤਖ਼ੋਰੀ ਕਿਰਤ ਦਾ ਪ੍ਰਤੀਕੂਲ ਹੈ। ਕਿਰਤ ਪ੍ਰਧਾਨ ਸਮਾਜ ’ਚ ਮੁਫਤਖੋਰਾਂ ਲਈ. ਕੋਈ ਜਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਤਪਾਤ ਵਿਅਕਤੀ ਨੂੰ ਕਿਰਤ ਤੋਂ ਦੂਰ ਕਰਦਾ ਹੈ। ਲੱਖਾਂ ਲੋਕ ਆਪਣੇ ਸਮਾਜਕ ਮੂਲ ਦੇ ਕਾਰਨ ਸਦੀਆਂ ਤੋਂ ਇੱਕੋ ਕੰਮ ਮੈਲਾ ਢੋਣ, ਜੁੱਤੀਆਂ ਦੀ ਮੁਰੰਮਤ, ਘਰੇਲੂ ਨੌਕਰ, ਆਦਿ ’ਚ ਲੱਗੇ ਹੋਏ ਹਨ। ਇਨ੍ਹਾਂ ਨੂੰ ਸਮਾਜਿਕ ਤੌਰ ’ਤੇ ਅਪਮਾਨਜਨਕ ਮੰਨਿਆ ਜਾਣ ਨਾਲ ਨਫ਼ਰਤ ਨੂੰ ਭੜਕਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਤ ਕਰਨਾ ਹੈ ਤਾਂ ਸਾਨੂੰ ਗੁਰੂ ਸਾਹਿਬਾਨ ਅਤੇ ਡਾ: ਅੰਬੇਦਕਰ ਵੱਲੋਂ ਦਰਸਾਏ ਮਾਰਗ ’ਤੇ ਚੱਲਣਾ ਪਵੇਗਾ। ਜਿੱਥੇ ਸਮਾਜਿਕ ਨਿਆਂ, ਬਰਾਬਰਤਾ, ਰੁਜ਼ਗਾਰ ਅਤੇ ਸਾਂਝੀਵਾਲਤਾ ਹੋਵੇਗੀ ਉੱਥੇ ਰਾਜ ਰਾਜੈ ਹੈ, ਬੇਗਮਪੁਰਾ ਹੈ, ਖ਼ਾਲਸਾ ਹੈ , ਅਜਿਹਾ ਹੀ ਸਮਾਜ ਅਸੀਂ ਚਾਹੁੰਦੇ ਹਾਂ, ਇਹ ਪਹਿਲ ਪੰਜਾਬ ਤੋਂ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਕੰਵਰਬੀਰ ਸਿੰਘ ਮੰਜ਼ਿਲ ਵੱਲੋਂ ਮਾਨਯੋਗ ਜਸਟਿਸ (ਸੇਵਾਮੁਕਤ) ਕੇ.ਜੀ. ਬਾਲਾਕ੍ਰਿਸ਼ਨਨ, ਭਾਰਤ ਦੇ ਸਾਬਕਾ ਚੀਫ਼ ਜਸਟਿਸ ਨੂੰ, ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਦੁਸ਼ਯੰਤ ਕੁਮਾਰ ਗੌਤਮ ਨੂੰ , ਸ੍ਰੀ ਰਜਨੀਸ਼ ਅਰੋੜਾ ਸਾਬਕਾ ਵੀ ਸੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਡਾ: ਜਗਮੋਹਨ ਸਿੰਘ ਰਾਜੂ ਅਤੇ ਡਾ: ਜਸਵਿੰਦਰ ਸਿੰਘ ਢਿੱਲੋਂ ਸਾਬਕਾ ਵੀ ਸੀ ਵੱਲੋਂ ਵੀ ਸੀ ਡਾ: ਜਸਪਾਲ ਸਿੰਘ ਸੰਧੂ ਅਤੇ ਡਾ. ਕੁਲਦੀਪ ਕੌਰ ਨੂੰ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਫੁਲਕਾਰੀ ਨਾਲ ਸਨਮਾਨਿਤ ਕੀਤੇ ਗਏ।
ਇਸ ਮੌਕੇ ਰਾਜਪਾਲ ਸ੍ਰੀ ਪੁਰੋਹਿਤ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਕਿਹਾ ਕਿ ਉਸ ਦੇ ਮਨ ’ਚ ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਬਹੁਤ ਸਤਿਕਾਰ ਹੈ। ਜਿਸ ਤੋਂ ਉਸ ਨੂੰ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੜਾਹ ਪ੍ਰਸਾਦਿ ਦਾ ਬਿਨਾ ਭੇਦਭਾਵ ਵੰਡਿਆ ਜਾਣਾ ਤੇ ਸੰਗਤ ਪੰਗਤ ਦਾ ਸੰਕਲਪ, ਜਿੱਥੇ ਰਾਜਾ ਅਤੇ ਰੰਕ ਦਾ ਬਰਾਬਰ ਬੈਠਣ ਵਰਗਾ ਸਭਿਆਚਾਰ ਕਿਤੇ ਹੋਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪੰਜ ਪਿਆਰੇ ਵੱਖ ਵੱਖ ਜਾਤਪਾਤ ਨਾਲ ਸੰਬੰਧਿਤ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਦਿਆਂ ਗੁਰੂ ਨਾਨਕ ਦੇ ਮਿਸ਼ਨ ਨੂੰ ਸੰਪੂਰਨਤਾ ਦਿਵਾਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਕਿਸੇ ਵੀ ਧਾਰਮਿਕ ਗ੍ਰੰਥ ਦੀ ਤਰਾਂ ਸਨਮਾਨਯੋਗ ਹੈ। ਉਨ੍ਹਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ. ਸਖ਼ਤ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ । ਉਨ੍ਹਾਂ ਬਾਬਾ ਸਾਹਿਬ ਅੰਬੇਦਕਰ ਨੂੰ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਦੱਸਿਆ ਅਤੇ ਕਿਹਾ ਕਿ ਪਾਕਿਸਤਾਨ ’ਚ ਬਾਬਾ ਸਾਹਿਬ ਵਰਗਾ ਕੋਈ ਪੈਦਾ ਨਹੀਂ ਹੋਇਆ ਜਿਸ ਕਾਰਨ ਉੱਥੇ ਸਤਾ ਹਥਿਆਉਣ ਨੂੰ ਲੈ ਕੇ ਕਈ ਵਾਰ ਰਾਜਨੀਤਿਕ ਅਰਾਜਕਤਾ ਪੈਦਾ ਹੋ ਚੁੱਕੀ ਹੈ।ਮਾਨਯੋਗ ਜਸਟਿਸ (ਸੇਵਾਮੁਕਤ) ਕੇ.ਜੀ. ਬਾਲਾਕ੍ਰਿਸ਼ਨਨ, ਭਾਰਤ ਦੇ ਸਾਬਕਾ ਚੀਫ਼ ਜਸਟਿਸ ਨੇ ਡਾ: ਰਾਜੂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾ: ਅੰਬੇਦਕਰ ਨੇ ਭਾਰਤੀ ਸਮਾਜ ਵਿਚ ਆਰਥਿਕ ਅਤੇ ਸਮਾਜਕ ਅਧਾਰ ’ਤੇ ਜਾਤਪਾਤ ਦੇ ਖ਼ਾਤਮੇ ਲਈ ਜੋ ਰੋਲ ਅਦਾ ਕੀਤਾ ਉਸ ਨੂੰ ਅੱਜ ਵੀ ਨਵੇਂ ਦ੍ਰਿਸ਼ਟੀਕੋਣ ਤੋਂ ਵੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ: ਅੰਬੇਦਕਰ ਨੇ ਜੋ ਭਾਰਤੀ ਸਮਾਜ ਨੂੰ ਇਕ ਵਿਕਸਤ ਸਮਾਜ ਬਣਾਉਣ ਲੜੀ ਇਕ ਮਜ਼ਬੂਤ ਸੰਵਿਧਾਨ ਦਿੱਤਾ ਗਿਆ। ਇਸ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੇ ਸੈਮੀਨਾਰ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਸਮਾਜਕ ਬਰਾਬਰਤਾ ਅਤੇ ਦੇਸ਼ ਦੀ ਤਰੱਕੀ ਦਾ ਜ਼ਾਮਨ ਹੈ।
ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਦੁਸ਼ਯੰਤ ਕੁਮਾਰ ਗੌਤਮ ਨੇ ਕਿਹਾ ਕਿ ਕੁਝ ਲੋਕ ਡਾ: ਅੰਬੇਦਕਰ ਨੂੰ ਦਲਿਤਾਂ ਦਾ ਨੇਤਾ ਕਹਿੰਦੇ ਹਨ ਪਰ ਅਸਲੀਅਤ ’ਚ ਉਹ ਵਰਤਮਾਨ ਭਾਰਤ ਦੇ ਨਵ ਨਿਰਮਾਣ ’ਚ ਵੱਡਾ ਯੋਗਦਾਨ ਪਹੁੰਚਣ ਵਾਲੇ ਦੇਸ਼ ਅਤੇ ਹਰ ਵਰਗ ਦੇ ਨੇਤਾ ਅਤੇ ਮਹਾਨ ਰਾਸ਼ਟਰਵਾਦੀ ਸਨ। ਉਨ੍ਹਾਂ ਨਵੀਂ ਚਰਚਾ ਛੇੜਦਿਆਂ ਕਿਹਾ ਕਿ ਪਿਛਲੀਆਂ ਹਕੂਮਤਾਂ ਨੇ ਦੇਸ਼ ਲਈ ਕੁਰਬਾਨੀ ਕਰਨ ਵਾਲੇ ਅਤੇ ਨਵੀਂ ਸੇਧ ਦੇਣ ਵਾਲਿਆਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਮਨਫ਼ੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਮਹਾਤਮਾ ਗਾਂਧੀ ਦੀਆਂ ਯਾਦਗਾਰੀ ਵਸਤਾਂ ਤਾਂ ਮਿਊਜ਼ੀਅਮ ’ਚ ਮਿਲ ਜਾਣਗੀਆਂ ਪਰ ਡਾ: ਅੰਬੇਦਕਰ ਨਾਲ ਸੰਬੰਧਿਤ ਪੁਰਾਤਨ ਯਾਦਗਾਰੀ ਵਸਤਾਂ ਦੁਰਲੱਭ ਕਰ ਦਿੱਤੀਆਂ ਗਈਆਂ। ਪਰ ਤਸੱਲੀ ਦੀ ਗਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਵਸਤਾਂ ਨੂੰ ਲੱਭ ਕੇ ਇਕ ਮਿਊਜ਼ੀਅਮ ਦਾ ਨਿਰਮਾਣ ਕਰਦਿਆਂ ਸੰਭ ਲਈਆਂ ਹਨ। ਉਨ੍ਹਾਂ ਕਿਹਾ ਗੁਆਂਢੀ ਦੇਸ਼ ’ਚ ਸਤਾ ਪਰਿਵਰਤਨ ਖ਼ੂਨ ਖ਼ਰਾਬੇ ਨਾਲ ਹੁੰਦਾ ਦੇਖਿਆ ਜਾ ਸਕਦਾ ਹੈ ਪਰ ਸਾਡੇ ਲੋਕਤੰਤਰੀ ਦੇਸ਼ ਵਿਚ ਡਾ: ਅੰਬੇਦਕਰ ਦੀ ਬਦੌਲਤ ਇਹ ਕੇਵਲ ਵੋਟ ਰਾਹੀਂ ਹੀ ਸੰਭਵ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਸਿਧਾਂਤ ਜਾਤਪਾਤ ਵਿਰੋਧੀ ਰਿਹਾ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਪ੍ਰਮਾਤਮਾ ਦੇ ਦਰਗਾਹ ’ਚ ਜਾਤ ਨਹੀਂ ਸਗੋਂ ਕਰਮਾਂ ਅਨੁਸਾਰ ਨਿਬੇੜੇ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੇ ਹਮਰਾਹ ਮਰਦਾਨਾ ਬਣਿਆ, ਮਲਕ ਭਾਗੋ ਦੀ ਥਾਂ ਭਾਈ ਲਾਲੋ ਕਿਰਤੀ ਸਾਥੀ ਬਣਿਆ। ਉਨ੍ਹਾਂ ਕਿਹਾ ਕਿ ਜਾਤਪਾਤ ਦਾ ਵਿਤਕਰਾ ਮਿਟਾਉਣ ਲਈ ਸਰੋਵਰਾਂ ਦਾ ਨਿਰਮਾਣ ਹੋਇਆ। ਇਕ ਬਾਟੇ ’ਚ ਅੰਮ੍ਰਿਤ ਛਕਾ ਕੇ ਮਾਨਵੀ ਬਰਾਬਰੀ ਅਤੇ ਸਵੈਮਾਣ ਨਾਲ ਜਿਊਣ ਦੀ ਜਾਚ ਦਸੀ ਗਈ । ਉਨ੍ਹਾਂ ਕਿਹਾ ਕਿ ਅਖੌਤੀ ਦਲਿਤ ਜਾਤੀਆਂ ਦੇ ਕੜਾਹ ਪ੍ਰਸਾਦਿ ਲਈ ਕੀਤੇ ਗਏ ਸੰਘਰਸ਼ ਤੋਂ ਹੀ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ। ਉਨ੍ਹਾਂ ਕਿਹਾ ਖ਼ਾਲਸੇ ਦੇ ਸਿਧਾਂਤ ਨੂੰ ਅੰਦਰੋਂ ਬਾਹਰੋਂ ਹੋ ਰਹੇ ਹਮਲਿਆਂ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖ਼ਾਲਸੇ ਕੋਲ ਹੀ ਜਾਤ ਪਾਤ ਰਹਿਤ ਸਮਾਜ ਸਿਰਜਣ ਦਾ ਲਕਸ਼ ਹੈ। ਸੈਮੀਨਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਡਾ: ਜਸਪਾਲ ਸਿੰਘ ਸੰਧੂ, ਸ੍ਰੀ ਦੂਆ ਅਤੇ ਡਾ. ਕੁਲਦੀਪ ਕੌਰ ਨੇ ਵੀ ਆਪਣੇ ਵਿਚਾਰ ਰਹੇ।