ਸੂਬਾ ਸਿੰਧ ’ਚ ਅਗਵਾ ਕਰਨ ਤੋਂ ਨਾਕਾਮ ਰਹਿਣ ’ਤੇ ਹਿੰਦੂ ਲੜਕੀ ਪੂਜਾ ਦੀ ਹੱਤਿਆ ਦੀ ਕੀਤੀ ਸਖ਼ਤ ਨਿਖੇਧੀ
ਅੰਮ੍ਰਿਤਸਰ 23 ਮਾਰਚ (ਪਵਿੱਤਰ ਹੋਰ ) ਪਾਕਿਸਤਾਨ ਦੇ ਸਿੰਧ ਸੂਬੇ ਨਾਲ ਸੰਬੰਧਿਤ ਸੱਖਰ ਜ਼ਿਲ੍ਹੇ ਦੇ ਨਾਰਾ ਕਨਾਲ ਵਿਖੇ ਘੱਟਗਿਣਤੀ ਹਿੰਦੂ ਭਾਈਚਾਰੇ ਦੀ ਲੜਕੀ ਪੂਜਾ ਕੁਮਾਰੀ (19) ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰਨ ’ਚ ਨਾਕਾਮ ਰਹਿਣ ’ਤੇ ਗੋਲੀਆਂ ਮਾਰਦਿਆਂ ਸ਼ਰੇਆਮ ਹੱਤਿਆ ਕਰ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸੇ ਵੀ ਹਿਰਦੇਵੇਧਕ ਤੇ ਦਰਦਨਾਕ ਵਾਰਦਾਤ ਪਿੱਛੋਂ ਸੁਰੱਖਿਆ ਦਾ ਭਰੋਸਾ ਦੇਣ ਦੇ ਬਾਵਜੂਦ ਇਮਰਾਨ ਖਾਨ ਸਰਕਾਰ ਵੱਲੋਂ ਘਟ ਗਿਣਤੀਆਂ ’ਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਕੱਟੜਪੰਥੀਆਂ ਨੂੰ ਨਕੇਲ ਕੱਸਣ ਪ੍ਰਤੀ ਕਦੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਨਾਬਾਲਗ ਹਿੰਦੂ ਲੜਕੀਆਂ ਨੂੰ ਲਗਾਤਾਰ ਅਗਵਾ ਕਰ ਕੇ ਜਬਰੀ ਧਰਮ ਤਬਦੀਲ ਕਰਾਉਂਦਿਆਂ ਵਿਆਹ ਕੀਤਾ ਜਾਣਾ ਇਮਰਾਨ ਸਰਕਾਰ ਦੀ ਘਟ ਗਿਣਤੀਆਂ ਦੀ ਸੁਰੱਖਿਆ ਦੇ ਬਾਰੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਿੰਧ ’ਚ ਕਤਲ ਹੋਈ ਬਹਾਦਰ ਹਿੰਦੂ ਲੜਕੀ ਪੂਜਾ ਛੇ ਧੀਆਂ ਦੇ ਬਜ਼ੁਰਗ ਪਿਤਾ ਦਾ ਸਹਾਰਾ ਸੀ। ਹੱਤਿਆ ’ਚ ਸ਼ਾਮਿਲ ਲੋਕਾਂ ਦਾ ਪੂਜਾ ਨਾਲ ਸ਼ੱਰੇ ਬਾਜ਼ਾਰ ਕਈ ਵਾਰ ਬਦਤਮੀਜ਼ੀ ਕਰਨੀ ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ’ਚ ਇਸਲਾਮਿਕ ਕੱਟੜਪੰਥੀਆਂ ਦੀਆਂ ਵਧੀਕੀਆਂ ਅਤੇ ਇਮਰਾਨ ਖ਼ਾਨ ਹਕੂਮਤ ਦੀ ਨਾ ਕਾਬਲੀਅਤ ਕਾਰਨ ਘਟ ਗਿਣਤੀ ਹਿੰਦੂ ਸਿੱਖ ਭਾਈਚਾਰੇ ਦੀ ਹੋਂਦ ਹੁਣ ਖ਼ਤਰੇ ਵਿਚ ਹੈ। ਤੇਜ਼ੀ ਨਾਲ ਹੋ ਰਹੀ ਜਬਰੀ ਧਰਮ ਪਰਿਵਰਤਨ ਨਾਲ ਉਹ ਨਰਕ ਵਰਗੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ਨੂੰ ਬਹੁਗਿਣਤੀ ਨਾਲ ਸੰਬੰਧਿਤ ਸਿਆਸੀ ਧਿਰਾਂ ਅਤੇ ਆਤੰਕੀ ਧੜਿਆਂ ਵੱਲੋਂ ਪੁਸ਼ਤ ਪਨਾਹੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ 18 ਸਾਲ ਤੋਂ ਘਟ ਉਮਰ ਵਾਲਿਆਂ ਦੇ ਧਰਮ ਪਰਿਵਰਤਨ ਨੂੰ ਗੈਰ ਕਾਨੂੰਨੀ ਠਹਿਰਾਉਣ ਦੇ ਮਕਸਦ ਨਾਲ ਬਣਾਏ ਗਏ ’ਧਰਮ ਪਰਵਰਤਨ ਵਿਰੋਧੀ ਕਾਨੂੰਨ ਬਿੱਲ’ ਨੂੰ ਵਿਸ਼ੇਸ਼ ਸੰਸਦੀ ਕਮੇਟੀ ਨੇ 13 ਅਕਤੂਬਰ 2021,ਨੂੰ ਮੌਲਵੀਆਂ, ਕੱਟੜਪੰਥੀਆਂ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਵਿਰੋਧ ਕਾਰਨ ਰੱਦ ਕਰਦਿਆਂ ਘਟ ਗਿਣਤੀਆਂ ਨੂੰ ਪੂਰੀ ਤਰਾਂ ਖੂੰਜੇ ਲਗਾ ਦਿੱਤੇ ਜਾਣ ਨਾਲ, ਘਟ ਗਿਣਤੀਆਂ ਦੇ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਦਾ ਕੌਮਾਂਤਰੀ ਪੱਧਰ ’ਤੇ ਝੂਠਾ ਰਾਗ ਅਲਾਪਣ ਵਾਲੇ ਪਾਕਿਸਤਾਨ ਦੀ ਸਾਰੀ ਸਚਾਈ ਸਾਹਮਣੇ ਆ ਗਈ । ਇਸਲਾਮੀ ਕੱਟੜਪੰਥੀ ਆਗੂਆਂ ਮੁਤਾਬਿਕ ਉਕਤ ਕਾਨੂੰਨ ਬਣਾਉਣਾ ਇਸਲਾਮ ਅਤੇ ਸ਼ਰੀਅਤ ਦੇ ਵਿਰੁੱਧ ਹੈ। ਹਿੰਦੂਆਂ ਪ੍ਰਤੀ ਅਜਿਹਾ ਨਕਾਰਾਤਮਿਕ ਵਤੀਰਾ ਇਹ ਦੱਸਦਾ ਹੈ ਕਿ ਉਨ੍ਹਾਂ ਲਈ ਘਟ ਗਿਣਤੀਆਂ ਦੀ ਸੁਰੱਖਿਆ ਪਾਕਿ ਲਈ ਕੋਈ ਗੰਭੀਰ ਮੁੱਦਾ ਨਹੀਂ ਹੈ । ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਘਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਧਰਮ ਪਰਿਵਰਤਨ ਵਿਰੋਧੀ ਬਿੱਲ 2013 ਤੇ 2016 ’ਚ ਸੂਬਾ ਸਿੰਧ ਦੀ ਅਸੈਂਬਲੀ ’ਚ ਲਿਆਂਦਾ ਗਿਆ, ਫਿਰ 2019 ’ਚ ਤਾਂ ਇਸ ਨੂੰ ਪਾਸ ਤਕ ਕੀਤਾ ਗਿਆ ਪਰ ਤੁਰੰਤ ਬਾਅਦ ਹੀ ਸੂਬਾ ਗਵਰਨਰ ਵੱਲੋਂ ਇਹ ਕਹਿੰਦਿਆਂ ਰੱਦ ਕਰ ਦਿੱਤਾ ਗਿਆ ਕਿ ਇਸਲਾਮ ’ਚ ਧਰਮ ਪਰਵਰਤਨ ਕਰਾਉਣਾ ਗੁਨਾਹ ਨਹੀਂ ਸਗੋਂ ਸਵਾਬ( ਪੁੰਨ) ਦਾ ਕੰਮ ਹੈ । ਧਰਮ ਪਰਿਵਰਤਨ ਲਈ ਅਗਵਾ, ਬਲਾਤਕਾਰ, ਬਲੈਕਮੇਲ, ਧੋਖਾਧੜੀ, ਹਿੰਸਾ, ਮਨੁੱਖੀ ਤਸਕਰੀ, ਫਿਰੌਤੀ, ਜਾਨੋਂ ਮਾਰਨ ਦੀ ਧਮਕੀਆਂ ਤੋਂ ਇਲਾਵਾ ਮੌਲਵੀਆਂ ਵੱਲੋਂ ਨਿਕਾਹ ਦੌਰਾਨ ਵੱਡੀ ਕਮਾਈ, ਜਾਂਚ ਦੀ ਬਜਾਏ ਰਿਸ਼ਵਤ ਲੈਣ ਵਾਲੇ ਭ੍ਰਿਸ਼ਟ ਪੁਲੀਸ ਅਧਿਕਾਰੀ ਅਤੇ ਲੋਕ ਨੁਮਾਇੰਦਿਆਂ ਵੱਲੋਂ ਚੁੱਪੀ ਨਾਲ ਇਹ ਸਮਝਦੇ ਹਨ ਕਿ ਉਹ ਇਸਲਾਮ ਦੀ ’ਸੇਵਾ’ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦੌਰਾਨ ਨਨਕਾਣਾ ਸਾਹਿਬ ਦੇ ਗੁ: ਤੰਬੂ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਦਿਆਂ ਜਬਰੀ ਧਰਮ ਪਰਿਵਰਤਨ ਕਰਾ ਕੇ ਇਕ ਮੁਸਲਿਮ ਮੁਹੰਮਦ ਹਸਨ ਨਾਲ ਨਿਕਾਹ ਕਰਾਏ ਜਾਣ ਦੇ ਮਾਮਲੇ ਦਾ ਕੌਮਾਂਤਰੀ ਪੱਧਰ ’ਤੇ ਨੋਟਿਸ ਲਿਆ ਗਿਆ, ਜਿਸ ਨਾਲ ਇਮਰਾਨ ਖ਼ਾਨ ਦੀ ਬਹੁਤ ਕਿਰ ਕਰੀ ਹੋਈ। ਇਸੇ ਤਰਾਂ ਹਸਨ ਅਬਦਾਲ ਦੇ ਗੁ: ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਨਾਬਾਲਗ ਧੀ ਬੁਲਬੁਲ ਕੌਰ ਦੀ ਹੋਈ ਅਗਵਾ ਦੀ ਖ਼ਬਰ ਨੇ ਇਕ ਵਾਰ ਫਿਰ ਸਿੱਖ ਭਾਈਚਾਰੇ ਨੂੰ ਹਿਲਾ ਕੇ ਰਖਦਿਤਾ ਸੀ। ਕੁਝ ਮਹੀਨੇ ਪਹਿਲਾਂ ਸੂਬਾ ਸਿੰਧ ’ਚ ਤਿੰਨ ਨਾਬਾਲਗ ਹਿੰਦੂ ਲੜਕੀਆਂ ਜਬਰੀ ਅਗਵਾ ਕਰ ਲਈਆਂ ਗਈਆਂ। ਜ਼ਿਲ੍ਹਾ ਨਾਸਰਪੁਰ ਦੇ ਪਿੰਡ ਇਬਰਾਹੀਮ ਸ਼ਾਹ ’ਚ ਨੀਤੂ ਮਲ ਦੀ 14 ਸਾਲਾ ਪੁੱਤਰੀ ਚੰਦਾ ਕੁਮਾਰੀ ਨੂੰ ਉਸ ਵੇਲੇ ਅਗਵਾ ਕੀਤਾ ਗਿਆ ਜਦ ਉਹ ਆਪਣੇ ਪਰਿਵਾਰ ਸਮੇਤ ਬਾਹਰ ਖੇਤਾਂ ’ਚ ਕੰਮ ਕਰ ਰਹੀ ਸੀ। ਇਮਾਨਾ ਮੇਘਵਾਰ ਨੂੰ ਜ਼ਿਲ੍ਹਾ ਕੁਨੀਰੀ ’ਚ ਅਗਵਾ ਕਰਦਿਆਂ ਉਸ ਨਾਲ ਤਿੰਨ ਮਹੀਨੇ ਤਕ ਕੁਝ ਲੋਕਾਂ ਵੱਲੋਂ ਸਮੂਹਿਕ ਜਬਰ ਜਨਾਹ ਕੀਤੇ ਜਾਣ ’ਤੇ ਮਾਮਲਾ ਅਦਾਲਤ ’ਚ ਪਹੁੰਚਣ ਨਾਲ ਉਸ ਦਾ ਧਰਮ ਪਰਿਵਰਤਨ ਕਰਾ ਕੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰ ਦਿੱਤਾ ਗਿਆ। ਇਸੇ ਤਰਾਂ ਸੱਕਰ ਤੋਂ ਅਗਵਾ ਕੀਤੀ ਗਈ ਕੇਵਲ 7 ਸਾਲ ਦੀ ਨੰਨ੍ਹੀ ਬੱਚੀ ਪ੍ਰਿਯਾ ਕੁਮਾਰੀ ਦਾ ਕੋਈ ਸੁਰਾਗ ਤਕ ਨਹੀਂ ਮਿਲਿਆ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁਨ ਜ਼ੈਨਬ ਬਲੋਚ ਨੇ ਅਗਵਾ ਹੋਈਆਂ ਦੋ ਹਿੰਦੂ ਕੁੜੀਆਂ ਰੀਨਾ ਤੇ ਰਵੀਨਾ ਦਾ ਇਕ ਵੀਡੀਓ ਟਵੀਟ ਸ਼ੇਅਰ ਕੀਤਾ ਜਿਸ ’ਚ ਇਕ ਕੁੜੀ ਰੋਂਦੀ ਹੋਈ ਦੁਖੀ ਮਨ ਨਾਲ ਦਸ ਰਹੀ ਹੈ ਕਿ ਜਿਨ੍ਹਾਂ ਮੁੰਡਿਆਂ ਨਾਲ ਉਨ੍ਹਾਂ ਦਾ ਨਿਕਾਹ ਕਰਾਇਆ ਗਿਆ, ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਮਾਰਦੇ ਕੁੱਟਦੇ ਹਨ। ਕੁੜੀਆਂ ਕੱਟੜਪੰਥੀਆਂ ਤੋਂ ਬਚਾਉਣ ਲਈ ਗੁਹਾਰ ਲਾ ਰਹੀਆਂ ਸਨ। ਇਸ ਖ਼ਬਰ ਦੀ ਸਿਆਹੀ ਨਹੀਂ ਸੁੱਕੀ ਕਿ ਸਿੰਧ ਤੋਂ ਇਕ ਹੋਰ ਕੁੜੀ ਸੋਨੀਆ ਭੀਲ ਅਗਵਾ ਹੋ ਕੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਮੀਡੀਆ ’ਚ ਆ ਗਈਆਂ। ਜੂਨ 2020 ਦੌਰਾਨ ਸਿੰਧ ਦੇ ਜੈਕਬਾਬਾਦ ਨਿਵਾਸੀ ਹਿੰਦੂ ਲੜਕੀ ਰੇਸ਼ਮਾ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਤੋਂ ਬਾਅਦ ਅਗਵਾਕਾਰ ਵਜ਼ੀਰ ਹੁਸੈਨ ਨਾਲ ਨਿਕਾਹ ਕਰ ਦਿੱਤਾ ਗਿਆ। ਪੰਜਾਬ ਦੇ ਡੇਰਾ ਗ਼ਾਜ਼ੀ ਖ਼ਾਨ ਤੋਂ 14 ਸਾਲ ਦੀ ਇਕ ਇਸਾਈ ਲੜਕੀ ਹੁਮਾ ਯੂਸਫ ਨੂੰ ਅਗਵਾ ਕਰਦਿਆਂ ਮੁਸਲਿਮ ਮੁੰਡੇ ਨਾਲ ਨਿਕਾਹ ਕਰ ਦਿੱਤਾ ਗਿਆ। ਇਸੇ ਤਰਾਂ ਸਨਾ ਜਾਨ, ਮਹਵਿਸ਼, ਫਰਜਾਨਾ ਤੇ ਸੇਹਰਿਸ਼ ਦੀ ਵੀ ਇਹੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਅਜਿਹੇ ਤੱਤ ਬਹੁਤਾਤ ’ਚ ਮੌਜੂਦ ਹਨ ਜੋ ਹਿੰਦੂ ਸਿੱਖਾਂ ਨਾਲ ਨਫ਼ਰਤ ਅਤੇ ਰੂੜ੍ਹੀਵਾਦੀ ਮਾਨਸਿਕਤਾ ਰੱਖਦੇ ਹਨ। ਘਟ ਗਿਣਤੀਆਂ ਪ੍ਰਤੀ ਅਜਿਹੇ ਵਾਤਾਵਰਨ ਦੇ ਚਲਦਿਆਂ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਉੱਥੇ ਸਮਾਜਿਕ ਧਾਰਮਿਕ ਹੀ ਨਹੀਂ ਰਾਜਨੀਤਿਕ ਮਾਹੌਲ ਵੀ ਦਮਨਕਾਰੀ ਹੋ ਚੁੱਕਿਆ ਹੈ। ਇਹੀ ਪਾਕਿਸਤਾਨ ਦਾ ਤਾਲੀਬਾਨੀਕਰਨ ਹੈ ਜਿਸ ਬਾਰੇ ਸਮੇਂ ਸਮੇਂ ਚਿਤਾਵਨੀ ਦਿੱਤੀ ਜਾਂਦੀ ਰਹੀ ।