ਰਾਜ ਸਭਾ ਚ’ ਗੈਰ ਪੰਜਾਬੀਆਂ ਦੀ ਨਾਮਜਦਗੀ ਨਾਲ ਸਰਕਾਰ ਦੀ ਪੁਠੀ ਗਿਣਤੀ ਹੋਈ ਸ਼ੁਰੂ – ਫੈਡਰੇਸ਼ਨ (ਮਹਿਤਾ)
ਅੰਮ੍ਰਿਤਸਰ 22 ਮਾਰਚ (ਪਵਿੱਤਰ ਜੋਤ ) : ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਗੈਰ ਸਿੱਖਾਂ ਅਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਉਮੀਦਵਾਰ ਵਜੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਨਾਮਜ਼ਦਗੀ ‘ਤੇ ਸਖ਼ਤ ਟਿੱਪਣੀ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ)ਦੇ ਪ੍ਰਧਾਨ ਸ: ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਕੇਜਰੀਵਾਲ ‘ਆਪ’ ਦੇ ਹੱਕ ‘ਚ ਵੱਡਾ ਫ਼ਤਵਾ ਦੇਣ ਵਾਲੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਕੇਵਲ ਖੇਡ ਰਿਹਾ ਹੈ ਸਗੋਂ ਇਹ ਕਾਰਵਾਈ ਉਨ੍ਹਾਂ ਦੇ ਪਿੱਠ ‘ਚ ਛੁਰਾ ਮਾਰਦਿਆਂ ਵੱਡਾ ਧ੍ਰੋਹ ਕਮਾਉਣ ਬਰਾਬਰ ਹੈ। ਢੋਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਹ ਕਾਰਵਾਈ ਅਹਿਮ ਸੰਵਿਧਾਨਕ ਸੰਸਥਾਵਾਂ ਤੋਂ ਸਿੱਖਾਂ ਅਤੇ ਦਸਤਾਰਾਂ ਨੂੰ ਗ਼ਾਇਬ ਕਰਨ ਵਾਲੀ ਹੈ। ਪੰਜਾਬ ਵਿੱਚ 58 ਫ਼ੀਸਦੀ ਸਿੱਖ ਅਬਾਦੀ ਹੈ, ‘ਆਪ’ ਨੇ ਬਹੁਗਿਣਤੀ ਸਿੱਖਾਂ ਦੀਆਂ ਵੋਟਾਂ ਲੈਣ ਉਪਰੰਤ ਇੱਕ ਵੀ ਸਿੱਖ ਨੂੰ ਰਾਜ ਸਭਾ ਵਿੱਚ ਨਾ ਭੇਜ ਕੇ ਸਿੱਖ ਵਿਰੋਧੀ ਹੋਣ ਦਾ ਇਕ ਵਾਰ ਫਿਰ ਸਬੂਤ ਦੇ ਦਿੱਤਾ ਹੈ।ਪੰਜਾਬ ਦੀ ਕਾਬਲੀਅਤ ਨੂੰ ਨਕਾਰਦਿਆਂ ਰਾਜ ਸਭਾ ਵਿਚ ਬਾਹਰੀ ਵਿਅਕਤੀਆ ਨੂੰ ਭੇਜਣਾ ਪੰਜਾਬ ਨਾਲ ਸਰਾਸਰ ਬੇਇਨਸਾਫ਼ੀ ਹੈ ਅਤੇ ਅਜਿਹਾ ਕਰ ਆਮ ਆਦਮੀ ਪਾਰਟੀ ਨੇ ਆਪਣੀ ਪੰਜਾਬ ਵਿਰੋਧੀ ਸੋਚ ਦਿਖਾਈ ਹੈ। ਢੋਟ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਕੇਜਰੀਵਾਲ ਸਾਬ ਪੰਜਾਬੀ ਆਪਣੀ ਅਣਖ ਅਤੇ ਗੈਰਤ ਕਦੇ ਮਰਨ ਨਹੀਂ ਦਿੰਦੇ ਅਤੇ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਨ ਦੇ ਨਤੀਜੇ ਜਲਦ ਹੀ ਤੁਹਾਡੇ ਸਾਹਮਣੇ ਆਉਣਗੇ। ਢੋਟ ਨੇ ਕਿਹਾ ਕਿ ‘ਆਪ’ ਦੇ ਫ਼ੈਸਲੇ ਕਾਰਨ ਪੰਜਾਬ ਦੇ ਇਤਿਹਾਸ ‘ਚ ਅੱਜ ਦਾ ਦਿਨ ਪੰਜਾਬ ਲਈ ਕਾਲਾ ਦਿਨ ਸਾਬਤ ਹੋਇਆ ਹੈ।ਪੰਜਾਬ ਤੋਂ ਬਾਹਰਲੇ ਲੋਕ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਮਸਲਿਆਂ ਨਾਲ ਕਿਵੇਂ ਇਨਸਾਫ਼ ਕਰ ਸਕਣਗੇ ਜਿੰਨ੍ਹਾਂ ‘ਚੋਂ ਬਹੁਤਿਆਂ ਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਨਾ ਪੰਜਾਬੀ ਕਦਰਾਂ ਕੀਮਤਾਂ ਦਾ ਹੀ ਉਨ੍ਹਾਂ ਨੂੰ ਪਤਾ ਹੈ। ਢੋਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕਿਹਾ ਕਿ ਪੰਜਾਬ ਦੇ ਹੱਕਾਂ ‘ਤੇ ਇੰਜ ਹੀ ਡਾਕਾ ਵੱਜਦਾ ਰਿਹਾ ਅਤੇ ਬਦਲਾਅ ਦੇ ਚੱਕਰਾਂ ‘ਪੰਜਾਬ ਹੋਰ ਬਹੁਤ ਕੁਝ ਗਵਾ ਲਵੇਗਾ। ਸਮਾਂ ਰਹਿੰਦਿਆਂ ਪਹਿਰੇਦਾਰੀ ਨਾ ਕੀਤੀ ਗਈ ਤਾਂ ਪੰਜਾਬ ਹੀ ਪੰਜਾਬੀਆਂ ਦੇ ਹੱਥੋਂ ਨਿਕਲ ਜਾਵੇਗਾ।