ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਅੰਮ੍ਰਿਤਸਰ/ਚੰਡੀਗੜ੍ਹ: 31 ਦਸੰਬਰ ( ਰਾਜਿੰਦਰ ਧਾਨਿਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਰੈਲੀ ਇੰਚਾਰਜ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ 2022 ਦੀ ਨਵੀਂ ਸਵੇਰ ਦਾ ਸਵਾਗਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕਰਨਗੇ ਅਤੇ ਸੂਬੇ ਵਿੱਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ।
ਜੀਵਨ ਗੁਪਤਾ ਨੇ ਕਿਹਾ ਕਿ ਤਕਰੀਬਨ ਦੋ ਸਾਲਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ‘ਚ ਆ ਰਹੇ ਹਨ। ਕੋਰੋਨਾ ਦੇ ਦੌਰ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਿਨ 400 ਬਿਸਤਰਿਆਂ ਵਾਲੇ ਪੀ.ਜੀ. ਆਈ ਸੈਟੇਲਾਈਟ ਹਸਪਤਾਲ ਦਾ ਉਦਘਾਟਨ ਕਰਨ ਜਾ ਰਹੇ ਹਨ ਅਤੇ ਇਸ ਪ੍ਰੋਜੇਕਟ ਦੀ ਲਾਗਤ ਕਰੀਬ 450 ਕਰੋੜ ਰੁਪਏ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਵੱਲੋਂ ਇਸ ਸ਼ੁਭ ਮੌਕੇ ’ਤੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਭਾਜਪਾ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਅਤੇ ਪੰਜਾਬੀਆਂ ਵਾਸਤੇ ਦਰਿਆਦਿਲੀ ਅਤੇ ਉਦਾਰਤਾ ਲਈ ਉਹਨਾਂ ਦਿਲੋਂ ਧੰਨਵਾਦ ਕਰਦੀ ਹੈ। ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਅਸੀਂ ਇਸ ਇਤਿਹਾਸਕ ਰੈਲੀ ਦਾ ਆਯੋਜਨ ਕਰਾਂਗੇ, ਕਿਉਂਕਿ ਪੰਜਾਬ ਦੇ ਲੋਕ ਮਾਨਯੋਗ ਨਰਿੰਦਰ ਮੋਦੀ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਦਾ ਰੋਡਮੈਪ ਦੇਣਗੇ।
ਜੀਵਨ ਗੁਪਤਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ 5 ਜਨਵਰੀ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਥਾਂ ਨਹੀਂ ਮਿਲੇਗੀ,ਕਿਉਂਕਿ ਪੰਜਾਬ ਨੂੰ ਉਸ ਦਾ ਮਸੀਹਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਰੈਲੀ ਦੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਹਨ।