ਅੰਮ੍ਰਿਤਸਰ 22 ਦਸੰਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਹਰ ਇਲਾਕੇ ਦੇ ਵਿੱਚ ਬਹੁਪੱਖੀ ਵਿਕਾਸ ਕਰਵਾਏ ਗਏ ਹਨ। ਇਸੇ ਲੜੀ ਤਹਿਤ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ. 12 ਰਿਸ਼ੀ ਵਿਹਾਰ, ਵਾਰਡ ਨੰ. 18 ਗਲੀ ਬਾਂਕੇ ਬਿਹਾਰੀ, ਵਾਰਡ ਨੰ. 19 ਦੇ ਵਿੱਚ ਗਲੀਆਂ, ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਅਤੇ ਇਸ ਦੌਰਾਨ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਨਵੀਆਂ ਪਾਣੀ ਦੀਆਂ ਪਾਈਪਾਂ ਪਾਉਣ ਦੀ ਵੀ ਸ਼ੁਰੂਆਤ ਕੀਤੀ। ਇਸ ਦੇ ਨਾਲ ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਗਲੀਆਂ, ਸੜਕਾਂ ਬਣਾਉਣ ਦਾ ਕੰਮ ਬਾਖੂਬੀ ਕੀਤਾ ਜਾਵੇ ਅਤੇ ਸਮਾਂ ਰਹਿੰਦੇ ਇਹ ਕੰਮ ਮੁਕੰਮਲ ਕੀਤੇ ਜਾਣ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨਾਲ ਹਰ ਇਲਾਕੇ ਦੀ ਨੁਹਾਰ ਬਦਲੀ ਹੈ ਅਤੇ ਸ਼ਹਿਰ ਦੀ ਹਰ ਗਲੀ, ਹਰ ਮੁਹੱਲੇ ਨੂੰ ਸਾਫ ਸੁਥਰਾ ਬਣਾਈ ਰੱਖਣ ਲਈ ਅਸੀਂ ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਸਫਾਈ ਸੇਵਕ ਦਿਨ ਰਾਤ ਇੱਕ ਕਰ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਹੇ ਹਨ।
ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਰਵਾਏ ਹਨ ਜਿਨ੍ਹਾਂ ’ਚ ਆਧੁਨਿਕ ਸਟਰੀਟ ਲਾਈਟਾਂ ਹਰ ਗਲੀ ਮੁਹੱਲੇ ਵਿੱਚ ਜਗਮਗਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੁਰਾਣੀ ਹੋ ਚੁੱਕੀ ਸੀਵਰੇਜ ਪ੍ਰਣਾਲੀ ਨੂੰ ਅਸੀਂ ਦਰੁਸਤ ਕੀਤਾ ਹੈ ਅਤੇ ਸ਼ਹਿਰ ਦੇ ਹਰ ਵਾਰਡ ਵਿੱਚ ਲੋਕਾਂ ਲਈ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਨਵੇਂ ਟਿਊਬਵੈੱਲ ਲਗਵਾਏ ਗਏ ਹਨ।
ਇਸ ਮੌਕੇ ਕੌਂਸਲਰ ਪ੍ਰਿਅੰਕਾ ਸ਼ਰਮਾ, ਕੌਂਸਲਰ ਗੁਰਜੀਤ ਕੌਰ, ਕੌਂਸਲਰ ਸ੍ਰੀ ਸੰਦੀਪ ਰਿੰਕਾ, ਸ੍ਰੀ ਰਿਤੇਸ਼ ਸ਼ਰਮਾ, ਨਿਸ਼ਾ ਸੋਨੀ, ਪ੍ਰਦੀਪ ਅਨੂਪ, ਵਿਕਰਮ, ਰਾਣਾ ਸੰਧੂ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਜੱਸੀ, ਅਸ਼ੋਕ ਲੱਖਣ, ਸੰਜੀਵ ਅਰੋੜਾ, ਸੰਦੀਪ ਸ਼ਰਮਾ, ਟਿੰਕੂ ਸ਼ਰਮਾ, ਵਿੰਪਨ ਸ਼ਰਮਾ, ਬਲਜੀਤ ਸਿੰਘ ਬੱਲੀ, ਰਾਜੇਸ਼ ਮਹਾਜਨ, ਰੁਸਤਮ ਸ਼ੇਰਾ, ਵਿੱਕੀ ਹੰਸ਼, ਬਾਬਾ ਸੁਰਿੰਦਰ ਸਿੰਘ, ਬਾਬਾ ਗੁਰਦੇਵ ਸਿੰਘ, ਜੋਗਿੰਦਰ ਲਾਲ ਆਦਿ ਹਾਜ਼ਰ ਸਨ।