ਬੇਅਦਬੀ ਦੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਪੰਥ ਨੂੰ ਇਕ ਜੁੱਟ ਤੇ ਗੰਭੀਰ ਹੋਣ ਦੀ ਕੀਤੀ ਅਪੀਲ
ਅੰਮ੍ਰਿਤਸਰ 19 ਦਸੰਬਰ (ਅਰਵਿੰਦਰ ਵੜੈਚ) : ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਰਕਾਰਾਂ ਦੀ ਦੋਸ਼ੀਆਂ ਨੂੰ ਸਜਾਵਾਂ ਦੇਣ ਪ੍ਰਤੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਬੇਅਦਬੀ ਦੇ ਦੋਸ਼ੀਆਂ ਪ੍ਰਤੀ ਠੋਸ ਕਾਰਵਾਈ ਨਾ ਕਰਨ ਕਰ ਕੇ ਹੀ ਦੋਸ਼ੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੁਣ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਅੰਦਰ ਵੀ ਪ੍ਰਵੇਸ਼ ਕਰ ਗਏ ਹਨ। ਉਨ੍ਹਾਂ ਦਰਸ਼ਨ ਕਰਨ ਬਹਾਨੇ ਸ਼ਰਧਾਲੂ ਨਾਲ ਆਏ ਦੋਸ਼ੀ ਵਿਅਕਤੀ ਨੂੰ ਪਰੰਪਰਾ ਮੁਤਾਬਿਕ ਸੋਧੇ ਜਾਣ ਦੇ ਦਲੇਰਾਨਾ ਕਦਮ ਉੱਤੇ ਸ਼੍ਰੋਮਣੀ ਕਮੇਟੀ ਦੇ ਸੱਚਖੰਡ ਵਿਖੇ ਮੌਜੂਦ ਮੁਲਾਜ਼ਮਾਂ ਅਤੇ ਸੰਗਤਾਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਨੂੰ ਦੋਸ਼ੀ ਵਿਅਕਤੀ ਨੂੰ ਸੋਧਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਨਿੱਤ ਦਿਨ ਬੇਅਦਬੀ ਦੀਆਂ ਸਾਹਮਣੇ ਆ ਰਹੀਆਂ ਘਟਨਾਵਾਂ ਨੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਅਤਿਅੰਤ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਸਰਕਾਰਾਂ ਨੂੰ ਬੇਅਦਬੀ ਦੇ ਪਿੱਛੇ ਕਾਰਜਸ਼ੀਲ ਸ਼ਕਤੀਆਂ ਨੂੰ ਬੇਨਕਾਬ ਕਰਨ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਨੂੰ ਯਕੀਨੀ ਬਣਾਉਣ ਅਤੇ ਲੋੜ ਪੈਣ ਉੱਤੇ ਸਖ਼ਤ ਕਾਨੂੰਨ ਲਿਆਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ 1978 ਤੋਂ ਜੋ ਬੇਅਦਬੀਆਂ ਹੋਈਆਂ ਤੇ ਸਿੱਖ ਸੰਘਰਸ਼ ਚੱਲਿਆ ਜਿਸ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਸੈਂਕੜੇ ਜੇਲ੍ਹ ਦੀਆਂ ਕਾਲ ਕੋਠੜੀਆਂ ’ਚ ਬੰਦ ਰਹੇ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੀਆਂ ਅੱਜ ਤਕ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਠਲ ਪਾਉਣ ਲਈ. ਸਮੂਹ ਸੰਗਤਾਂ ਸਿੱਖ ਜਥੇਬੰਦੀਆਂ ਨੂੰ ਇਕ ਝੰਡੇ ਹੇਠ ਇਕੱਤਰ ਹੋਣ ਅਤੇ ਗੰਭੀਰ ਵਿਚਾਰਾਂ ਉਪਰੰਤ ਸਖ਼ਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਭਵਿੱਖ ’ਚ ਪੰਥ ਦੋਖੀਆਂ ਵੱਲੋਂ ਅਜਿਹੀਆਂ ਬੇਅਦਬੀਆਂ ਕਰਨ ਕਰਾਉਣ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ। ਉਨ੍ਹਾਂ ਕਾਨੂੰਨ ਦੇ ਰਾਖਿਆਂ ਪੁਲੀਸ ਸਾਜ਼ਾਂ ਅਤੇ ਅਦਾਲਤਾਂ ਦੀ ਇਸ ਪ੍ਰਤੀ ਢਿੱਲਮੱਠ ’ਤੇ ਵੀ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਗੁਰੂ ਸਾਹਿਬ ਅੱਗੇ ਬੇਅਦਬੀਆਂ ਨੂੰ ਰੋਕਣ ਲਈ ਉਤਸਾਹ ਅਤੇ ਸੂਰਬੀਰਤਾ ਵਾਲੇ ਗੁਣ ਪੰਥ ਵਿਚ ਭਰਨ ਪ੍ਰਤੀ ਅਰਦਾਸ ਕਰਨ ਲਈ ਵੀ ਅਪੀਲ ਕੀਤੀ।