ਕੇਂਦਰੀ ਬਜਟ ‘ਚ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਡਿਜੀਟਲ ਪੱਧਰ ‘ਤੇ ਵਿਕਸਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇ ਲਈ ਉਨ੍ਹਾਂ ਨੂੰ ਉੱਨਤ ਅਤੇ ਜੈਵਿਕ ਖੇਤੀ ਨਾਲ ਜੋੜਨ ਦਾ ਰੱਖਿਆ ਗਿਆ ਹੈ ਟੀਚਾ: ਜ਼ਫਰ ਇਸਲਾਮ

0
18

ਮੋਦੀ ਸਰਕਾਰ ਦਾ 23-24 ਦਾ ਬਜਟ ਔਰਤਾਂ ਦੇ ਸਸ਼ਕਤੀਕਰਨ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਤੋਰੇਗਾ : ਸਈਅਦ ਜ਼ਫਰ ਇਸਲਾਮ

ਅੰਮ੍ਰਿਤਸਰ: 6 ਫਰਵਰੀ (   ਪਵਿੱਤਰ ਜੋਤ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਮੋਦੀ ਸਰਕਾਰ ਦੇ 2023-24 ਦੇ ਬਜਟ ‘ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸਈਅਦ ਜ਼ਫ਼ਰ ਇਸਲਾਮ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧਣ ਦਾ ਰਾਹ ਪੱਧਰਾ ਕੀਤਾ ਗਿਆ ਹੈ। ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸਈਅਦ ਜ਼ਫ਼ਰ ਇਸਲਾਮ ਨੇ ਕਿਹਾ ਕਿ ਇਹ ਕੇਂਦਰੀ ਬਜਟ ਅਗਲੇ 25 ਸਾਲਾਂ ਲਈ ਭਾਰਤ ਦੀ ਤਰੱਕੀ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਅਤੇ ਵਿਸ਼ਵ ਗੁਰੂ ਦੀ ਨੀਂਹ ਰੱਖੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ ਹੈ। ਵਿਰੋਧੀਆਂ ਨੂੰ ਨਕਾਰਨ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ।

            ਸਈਅਦ ਜ਼ਫਰ ਇਸਲਾਮ ਨੇ ਕਿਹਾ ਕਿ ਇਹ ਇੱਕ ਸਮਾਵੇਸ਼ੀ ਬਜਟ ਹੈ ਅਤੇ ਇਸ ‘ਚ ਸਾਰੇ ਵਰਗਾਂ ਦੇ ਸੁਪਨਿਆਂ ਦਾ ਧਿਆਨ ਰੱਖਿਆ ਗਿਆ ਹੈ। ਇਹ ਬਜਟ ਗ਼ਰੀਬ, ਮੱਧ ਵਰਗ ਅਤੇ ਕਿਸਾਨਾਂ ਸਮੇਤ ਸਮਾਜ ਦੇ ਆਸ਼ਾਵਾਦੀ ਸਮਾਜ ਦੀਆਂ ਆਸਾਂ ਨੂੰ ਪੂਰਾ ਕਰਦਿਆਂ ਦੇਸ਼ ਦੇ ਸਰਬਪੱਖੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਵਾਲਾ ਹੈ। ਇਸ ਬਜਟ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਬੱਚਿਆਂ ਅਤੇ ਨੌਜਵਾਨਾਂ ਲਈ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਐਲਾਨ ਕੀਤਾ ਹੈ, ਜਿਸ ਨੂੰ ਜ਼ਿਲ੍ਹਾ ਪੱਧਰ ਤੱਕ ਵਿਕਸਤ ਕੀਤਾ ਜਾਵੇਗਾ ਅਤੇ ਇਸ ਦਾ ਭਵਿੱਖ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਅਗਲੇ ਤਿੰਨ ਸਾਲਾਂ ਵਿੱਚ ਏਕਲਵਿਆ ਸਕੂਲਾਂ ਵਿੱਚ 38,800 ਅਧਿਆਪਕ ਅਤੇ ਸਹਾਇਕ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇਗੀ। ਅਧਿਆਪਕਾਂ ਦੀ ਸਿਖਲਾਈ ਲਈ ਉੱਤਮ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ। ਮਹਿਲਾ ਸ਼ਕਤੀ ਕਿਵੇਂ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰ ਸਕਦੀ ਹੈ, ਇਸ ਦਾ ਪ੍ਰਤੀਬਿੰਬ ਇਸ ਬਜਟ ਵਿੱਚ ਸਾਫ਼ ਨਜ਼ਰ ਆਉਂਦਾ ਹੈ। ਇਸ ਬਜਟ ਵਿੱਚ ਮੱਧ ਵਰਗ ਦੀ ਆਮਦਨ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਟੈਕਸ ‘ਤੇ ਛੂਟ ਦਿੱਤੀ ਗਈ ਹੈ। ਇਸ ਬਜਟ ਵਿੱਚ, ਮੋਦੀ ਸਰਕਾਰ ਨੇ ਕਬਾਇਲੀ ਸਮੂਹਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਪੀਐਮਪੀਬੀਟੀਜੀ ਵਿਕਾਸ ਮਿਸ਼ਨ ਸ਼ੁਰੂ ਕਰਨ ਦੀ ਵਿਵਸਥਾ ਕੀਤੀ ਹੈ, ਤਾਂ ਜੋ ਪੀਬੀਟੀਜੀ ਬਸਤੀਆਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ। ਇਸ ਬਜਟ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਨਾਜ ਯੋਜਨਾ ਨੂੰ ਇੱਕ ਸਾਲ ਹੋਰ ਵਧਾ ਦਿੱਤਾ ਗਿਆ ਹੈ, ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮੁਫ਼ਤ ਦਿੱਤਾ ਜਾਂਦਾ ਹੈ, ਤਾਂ ਜੋ ਸਮਾਜ ਵਿੱਚ ਖੜਾ ਆਖਿਰੀ ਵਿਅਕਤੀ ਵੀ ਭੁੱਖਾ ਨਾ ਸੋੰਵੇਂ।

            ਸਈਅਦ ਜ਼ਫਰ ਇਸਲਾਮ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਬਜਟ ਵਿੱਚ ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ‘ਅੰਨਾ ਸ਼੍ਰੀ’ (ਮੋਟੇ ਅਨਾਜ) ਦੇ ਉਤਪਾਦਨ ਲਈ ਪ੍ਰੇਰਿਤ ਕੀਤਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ‘ਅੰਨਾ ਸ਼੍ਰੀ’ ਅਧੀਨ ਆਉਂਦੇ ਜੈਵਿਕ ਉਤਪਾਦਾਂ ਦੇ ਮੰਡੀਕਰਨ ਲਈ ‘ਯੂਨੀਟੀ ਮਾਲ’ ਖੋਲ੍ਹਣ ਅਤੇ ਇਸ ਨੂੰ ਆਨਲਾਈਨ ਪੋਰਟਲ ਨਾਲ ਜੋੜਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਲਈ ਬਜਟ ਵਿੱਚ ਵਿਵਸਥਾ ਰੱਖੀ ਗਈ ਹੈ ਅਤੇ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਇਸ ਲਈ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ। ਵਰਤਮਾਨ ਵਿੱਚ, ਭਾਰਤ ਮੋਟੇ ਅਨਾਜ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੈ ਅਤੇ ਇਸਦੇ ਨਿਰਯਾਤ ਵਿੱਚ ਦੂਜੇ ਨੰਬਰ ‘ਤੇ ਹੈ। ਮੋਦੀ ਸਰਕਾਰ ਦਾ ਟੀਚਾ ਭਾਰਤ ਨੂੰ ਦੁਨੀਆ ਵਿਚ ਮੋਟੇ ਅਨਾਜ ਦਾ ਨੰਬਰ ਇਕ ਨਿਰਯਾਤਕ ਬਣਾਉਣਾ ਹੈ। ਕੇਂਦਰ ਸਰਕਾਰ ਦੇਸ਼ ਦੇ ਇੱਕ ਕਰੋੜ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਬਦਲੇਗੀ ਅਤੇ ਉਨ੍ਹਾਂ ਨੂੰ ਮੋਟਾ ਅਨਾਜ ਪੈਦਾ ਕਰਨ ਲਈ ਉਤਸ਼ਾਹਿਤ ਕਰੇਗੀ। ਇਸ ਦੇ ਨਾਲ ਹੀ ਸਵੈ-ਸਹਾਇਤਾ ਸਮੂਹਾਂ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਯਤਨ ਕੀਤੇ ਗਏ ਹਨ।

            ਜ਼ਫਰ ਇਸਲਾਮ ਨੇ ਕਿਹਾ ਕਿ ਮੋਦੀ ਸਰਕਾਰ ਨੇ ਉਦਯੋਗ ਦੇ ਵਿਕਾਸ ਲਈ ਵੀ ਕਈ ਅਹਿਮ ਕਦਮ ਚੁੱਕੇ ਹਨ। ਊਰਜਾ ਪਰਿਵਰਤਨ ਨਿਵੇਸ਼ ਲਈ 35,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਨੈਸ਼ਨਲ ਗ੍ਰੀਨ ਹਾਈਡ੍ਰੋਜਨ ਲਈ 19,700 ਕਰੋੜ ਰੁਪਏ ਰੱਖੇ ਗਏ ਹਨ। 2030 ਤੱਕ 5 MMT ਹਰੇ ਹਾਈਡ੍ਰੋਜਨ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਇਕਾਈਆਂ ਲਈ ਸਾਂਝੀ ਆਈਡੀ ਪੈਨ ਹੋਵੇਗੀ। MSME ਦੀ ਜ਼ਬਤ ਕੀਤੀ ਰਕਮ ਦਾ 95% ਵਾਪਸ ਕਰ ਦਿੱਤਾ ਜਾਵੇਗਾ। ਕੋਰੋਨਾ ਮਹਾਂਮਾਰੀ ਵਿੱਚ ਜ਼ਬਤ ਕੀਤੀ ਗਈ ਰਕਮ ਵੀ ਵਾਪਸ ਕਰ ਦਿੱਤੀ ਜਾਵੇਗੀ। 5 ਜੀ-ਲੈਬ ਐਪਲੀਕੇਸ਼ਨਾਂ ਲਈ 100 ਲੈਬਾਂ ਬਣਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਲਾਂਚ ਕੀਤੀ ਜਾਵੇਗੀ। ਦੇਸ਼ ਵਿੱਚ 30 ‘ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ’ ਸਥਾਪਿਤ ਕੀਤੇ ਜਾਣਗੇ। ਰੇਲਵੇ ਦੀ ਕਾਇਆ ਕਲਪ ਕਰਨ ਲਈ 2.4 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਟਰਾਂਸਪੋਰਟ ਬੁਨਿਆਦੀ ਢਾਂਚੇ ‘ਤੇ 75,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹਵਾਈ ਅੱਡੇ ਅਤੇ ਹੈਲੀਪੈਡ ਬਣਾਏ ਜਾਣਗੇ ਅਤੇ ਸ਼ਹਿਰੀ ਵਿਕਾਸ ‘ਤੇ ਸਾਲਾਨਾ 10,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਕਿਹਾ ਜਾਵੇ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਅਮ੍ਰਿੰਤਕਾਲ ਬਜਟ ਦੇਸ਼ ਅਤੇ ਸਮਾਜ ਦੇ ਸਰਵਪੱਖੀ ਵਿਕਾਸ ‘ਤੇ ਆਧਾਰਿਤ ਹੈ ਤਾਂ ਗਲਤ ਨਹੀਂ ਹੋਵੇਗਾ।

            ਇਸ ਮੌਕੇ ਹਰਵਿੰਦਰ ਸਿੰਘ ਸੰਧੂ ਨੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਭਾਜਪਾ ਦੇ ਕੌਮੀ ਬੁਲਾਰੇ ਸਈਅਦ ਜ਼ਫ਼ਰ ਇਸਲਾਮ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾI ਇਸ ਮੌਕੇ ਮੰਚ ‘ਤੇ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ, ਸੰਜੀਵ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਰਾਜ ਬੱਗਾ, ਸ੍ਰੀਮਤੀ ਮੀਨੂੰ ਸਹਿਗਲ, ਜ਼ਿਲ੍ਹਾ ਮੀਡੀਆ ਸਕੱਤਰ ਯਸ਼ਿਵ ਭੂਟਾਨੀ, ਪ੍ਰੋਫੇਸਰ ਸਰਚਾਂਦ ਸਿੰਘ ਆਦਿ ਹਾਜ਼ਰ ਸਨI

NO COMMENTS

LEAVE A REPLY