ਅੰਮ੍ਰਿਤਸਰ 13 ਅਕਤੂਬਰ (ਪਵਿੱਤਰ ਜੋਤ ) : ਜਪਤਪ ਤਿਆਗ ਦੀ ਮੂਰਤ ਬੀਬੀ ਮੁਮਤਾਜ ਜੀ ਅਤੇ ਸਿੱਖ ਇਤਿਹਾਸ ਸਿਰਜਣ ਵਾਲੇ ਦੂਲੇ ਸ਼ੇਰ ਜਰਨੈਲ ਮਹਾਨ ਤਪੱਸਵੀ, ਤਿਆਗੀ ਬਾਬਾ ਨਵਾਬ ਕਪੂਰ ਸਿੰਘ ਅਤੇ ਸੁਲਤਾਨਉਲਕੌਮ ਦਾ ਤਾਜ ਪਹਿਨਣ ਵਾਲੇ ਬਾਬਾ ਜੱਸਾ ਜੀ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਨਾਈ ਜਾਵੇਗੀ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸਮੁੱਚੀ ਸੇਵਾ ਨਿਭਉਣ ਵਾਲੇ ਤਿਆਗੀ ਪੁਰਸ਼ ਵਾਲੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਦੋ ਸੌ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਵੱਖ-ਵੱਖ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿੱਚ ਗੁਰਮਤਿ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਬੜ੍ਹੀ ਵਿਖੇ ਗੁ: ਤਪ ਅਸਥਾਨ ਬੀਬੀ ਮੁਮਤਾਜਗੜ੍ਹ ਪੁਰਖਾਲੀ ਰੋਡ ਵਿਖੇ ਅਤੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਅੰਮ੍ਰਿਤਸਰ ਵਿਖੇ ਬੁੱਢਾ ਦਲ ਦੇ ਤੀਜੇ ਮੁਖੀ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਦੀ 269 ਵੀਂ ਅਤੇ ਚੌਥੇ ਮੁਖੀ ਸੁਲਤਾਨ ਉਲ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 239 ਵੀਂ ਸਲਾਨਾ ਬਰਸੀ ਦੇ ਸਮਾਗਮਾਂ ਸਬੰਧੀ 18 ਅਕਤੂਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 20 ਅਕਤੂਬਰ ਨੂੰ ਭੋਗ ਪਾਏ ਜਾਣਗੇ।
ਸ. ਬੇਦੀ ਨੇ ਕਿਹਾ ਕਿ ਅੰਮ੍ਰਿਤਸਰ ਹੋਣ ਵਾਲੇ ਸਮਾਗਮ ਗੁ: ਮੱਲ ਅਖਾੜਾ ਪਾ:ਛੇਵੀਂ ਵਿਖੇ ਅਰੰਭ ਹੋਣਗੇ ਅਤੇ ਰੋਪੜ ਦੇ ਪਿੰਡ ਬੜੀ੍ਹ ਜੋ ਪੁਰਖਾਲੀ ਰੋਡ ਤੇ ਗੁ: ਤਪ ਅਸਥਾਨ ਬੀਬੀ ਮੁਮਤਾਜਗੜ੍ਹ ਸਾਹਿਬ ਵਿਖੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ 18 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਹੀ ਅਰੰਭ ਹੋ ਜਾਣਗੇ। 20 ਅਕਤੂਬਰ ਨੂੰ ਭੋਗ ਪੈਣ ਉਪਰੰਤ ਧਾਰਮਿਕ ਦੀਵਾਨਾਂ ਵਿੱਚ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਵਿੱਚ ਕੌਮ ਦੀਆਂ ਮਹਾਨ ਧਾਰਮਿਕ ਸਖਸ਼ੀਅਤਾਂ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵੀ ਸੰਗਤਾਂ ਦੇ ਦਰਸ਼ਨ ਕਰਨਗੇ।