ਬਾਦਲ ਦਲ ਦਾ ਜਹਾਜ਼ ਕਿਸੇ ਵੀ ਥੰਮ੍ਹੀਆਂ ਦੇ ਸਹਾਰੇ ਕਿਨਾਰੇ ਨਹੀਂ ਲਾਇਆ ਜਾ ਸਕਦਾ: ਪ੍ਰੋ: ਸਰਚਾਂਦ ਸਿੰਘ ਖਿਆਲਾ

0
18

ਬਾਦਲਾਂ ਨੂੰ ‘ਪੰਥ ਖ਼ਤਰੇ ਵਿੱਚ’ ਦਾ ਨਾਅਰਾ ਲਗਾਉਣਾ ਬੰਦ ਕਰਨ ਦੀ ਦਿੱਤੀ ਸਲਾਹ।
ਅੰਮ੍ਰਿਤਸਰ, 10 ਅਕਤੂਬਰ (ਰਾਜਿੰਦਰ ਧਾਨਿਕ ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਬਾਦਲ ਦਲ ਵੱਲੋਂ ਅਕਾਲੀ ਦਲ ਦਿਲੀ ਦੇ ਰਲੇਵੇਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਦਲ ਇੱਕ ਡੁੱਬਿਆ ਹੋਇਆ ਜਹਾਜ਼ ਹੈ, ਜਿਸ ਨੂੰ ਹੁਣ ਸਰਨਿਆਂ ਦੀ ਹੀ ਨਹੀਂ ਕਿਸੇ ਵੀ ਨੇ ਥੰਮ੍ਹੀਆਂ ਦੇ ਸਹਾਰੇ ਵੀ ਕਿਨਾਰਾ ਨਹੀਂ ਲਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਦੇਸ਼-ਵਿਦੇਸ਼ ਦੇ ਪੰਜਾਬੀਆਂ ਵੱਲੋਂ ਬਾਦਲਾਂ ਨੂੰ ਪੂਰੀ ਤਰ੍ਹਾਂ ਨਕਾਰੇ ਜਾਣ ਕਾਰਨ ਪੰਜਾਬ ਵਿਚ ਉਨਾਂ ਦਾ ਸਿਆਸੀ ਭਵਿੱਖ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਹੁਣ ਉਹ ਦਿੱਲੀ ਦੇ ਸਰਨਿਆਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਆਪਣੀ ਹੋਂਦ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 13 ਵਿਧਾਇਕਾਂ ‘ਤੋਂ ਤਿੰਨ ਅਤੇ ਹੁਣ ਉਹ ਤਿੰਨ ਵੀ ਨਾਲ ਹਨ ਕਹਿਣ ’ਚ ਸ਼ੱਕ ਦੀ ਗੁੰਜਾਇਸ਼ ਹੈ। ਉਨ੍ਹਾਂ ਇੱਕ ਨਿੱਜੀ ਘਰ ਵਿੱਚ ਕਰਵਾਏ ‘ਪੰਥਕ ਮੇਲੇ’ ’ਤੇ ਵਿਅੰਗ ਕਸਦਿਆਂ ਕਿਹਾ ਕਿ ਅਸਲ ਪੰਥਕ ਮੇਲ ਸਰਬੱਤ ਖਾਲਸਾ ਦੇ ਰੂਪ ਵਿੱਚ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਦੂਜੇ ਨੂੰ ਪਾਣੀ ਪੀਪੀ ਕੋਸਣ ਅਤੇ ਚਰਿੱਤਰਹਨਨ ਕਰਨ ਕਰਨ ਵਾਲਿਆਂ ਦੀ ਏਕਤਾ ਸਿਰਫ਼ ਸਿਆਸੀ ਢਕਵੰਜ ਹੈ।
ਉਨ੍ਹਾਂ ਬਾਦਲਾਂ ਅਤੇ ਸਰਨਿਆਂ ਦੀ ਗੈਰ ਸਿਧਾਂਤਕ ਸਾਂਝ ਨੂੰ ਸਿਆਸੀ ਮੌਕਾਪ੍ਰਸਤੀ ਦੱਸਦਿਆਂ ਕਿਹਾ ਕਿ ਵਿਚਾਰਧਾਰਕ ਵਖਰੇਵਿਆਂ ਕਾਰਨ ਇਸ ਰਲੇਵੇਂ ਨਾਲ ਕਈ ਧਾਰਮਿਕ ਵਿਵਾਦ ਵੀ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਨਾ ਭਰਾ ਦਿਲੀ ਗੁ: ਕਮੇਟੀ ’ਤੇ ਕਾਬਜ਼ ਰਹੇ ਉਹ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰੋਧ ਕਰਨ ਲਈ ਜਾਣੇ ਜਾਂਦੇ ਰਹੇ ਹਨ। ਕੀ ਸਰਨਾ ਭਰਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਦੇ ਉਲਟ ਦਿੱਲੀ ਅਤੇ ਪਾਕਿਸਤਾਨ ਵਿੱਚ ਗੁਰਪੁਰਬ ਮਨਾਉਣਾ ਬੰਦ ਕਰ ਦੇਣਗੇ? ਬਾਦਲਾਂ ‘ਤੇ ਲਗਾਏ ਗਏ ਦੋਸ਼ਾਂ ਅਤੇ ਬਾਈਕਾਟ ਦੇ ਸੱਦੇ ਨੂੰ ਯਾਦ ਕਰਵਾਉਂਦਿਆਂ ਉਨ੍ਹਾਂ ਸਰਨਾ ਭਰਾਵਾਂ ਨੂੰ ਸਵਾਲ ਕੀਤਾ ਕਿ ਕੀ ਹੁਣ ਬਾਦਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੁਨਾਹ ਅਤੇ ਕੁਕਰਮਾਂ ਤੋਂ ਮੁਕਤ ਹੋ ਗਏ ਹਨ? 328 ਪਾਵਨ ਸਰੂਪਾਂ ਦਾ ਮਾਮਲਾ, ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ, ਡੇਰਾ ਸੌਦਾ ਸਾਧ ਨਾਲ ਮਿਲੀਭੁਗਤ ਤੇ ਪਾਰਟੀ ਟਿਕਟਾਂ ਦੇਣ, ਬਿਨ ਮੰਗਿਆਂ ਮੁਆਫ਼ੀ, ਪਰ ਦਿਲੋਂ ਪਛਤਾਵਾ ਨਾ ਕਰਨ ਵਾਲਿਆਂ ਵਿਰੁੱਧ ਹੁਣ ਸਰਨਾ ਭਰਾ ਸਿੱਖ ਸੰਗਤਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਨਹੀਂ ਕਰਨਗੇ? ਬਾਦਲਾਂ ਦੇ ਸਿਆਸੀ ਹਿੱਤਾਂ ‘ਤੇ ਹੈਰਾਨੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਿੰਨੀ ਵਿਡੰਬਣਾ ਹੈ ਕਿ ਬਾਦਲ ਇਕ ਪਾਸੇ ਹਰਿਆਣਾ ਗੁਰਦੁਆਰਾ ਕਮੇਟੀ ਦਾ ਸਖ਼ਤ ਵਿਰੋਧ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਨਾ ਭਰਾਵਾਂ ਨਾਲ ਬਗਲਗੀਰ ਹਨ, ਜਿਨ੍ਹਾਂ ਨੇ ਇਸ ਨੂੰ ਬਣਾਉਣ ‘ਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਬਾਦਲਾਂ ਨੂੰ ‘ਪੰਥ ਖ਼ਤਰੇ ਵਿੱਚ’ ਦਾ ਨਾਅਰਾ ਲਗਾਉਣਾ ਬੰਦ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਪੰਥ ਨੂੰ ਇੱਕ ਪੰਥਕ ਝੰਡੇ ਹੇਠ ਇੱਕਜੁੱਟ ਕਰਨ ਦੀ ਅਖੌਤੀ ਮੁਹਿੰਮ ਤੋਂ ਸੰਗਤਾਂ ਚੰਗੀ ਤਰ੍ਹਾਂ ਜਾਣੂ ਹੋ ਚੁਕੀਆਂ ਹਨ।

NO COMMENTS

LEAVE A REPLY