ਭਾਜਪਾ ਪਰਿਵਾਰਿਕ ਰਾਜਨੀਤੀ ਨਹੀਂ ਕਰਦੀ, ਰਾਸ਼ਟਰ ਨਿਰਮਾਣ ਲਈ ਅਸਲੀ ਲੋਕਤਾਂਤਰਿਕ ਕਦਰਾਂ-ਕੀਮਤਾਂ ‘ਚ ਵਿਸ਼ਵਾਸ ਰੱਖਦੀ ਹੈ: ਵੰਸ਼ੀ ਸ਼੍ਰੀਨਿਵਾਸਨ
ਭਾਜਪਾ ਮਹਿਲਾ ਮੋਰਚਾ ਦਾ ਦੋ ਰੋਜ਼ਾ ਸਿਖਲਾਈ ਕੈਂਪ ਚੰਡੀਗੜ੍ਹ ਵਿੱਚ ਹੋਇਆ ਸੰਪੰਨ
ਚੰਡੀਗੜ੍ਹ/ਅੰਮ੍ਰਿਤਸਰ, 30 ਜੂਨ (ਰਾਜਿੰਦਰ ਧਾਨਿਕ ): ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ, ਜੋ ਅੱਜ ਸਮਾਪਤ ਹੋ ਗਿਆ। ਸਿਖਲਾਈ ਕੈਂਪ ਦੇ ਦੂਜੇ ਦਿਨ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਸ੍ਰੀਮਤੀ ਵਨਾਤੀ ਸ੍ਰੀਨਿਵਾਸਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੈੰਪ ‘ਚ ਪੁੱਜਣ ਪਹੁੰਚਣ ‘ਤੇ ਸੂਬਾ ਪ੍ਰਧਾਨ ਮੋਨਾ ਜੈਸਵਾਲ ਨੇ ਆਪਣੀ ਟੀਮ ਸਮੇਤ ਰਾਸ਼ਟਰੀ ਪ੍ਰਧਾਨ ਵਨਾਤੀ ਸ਼੍ਰੀਨਿਵਾਸਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਦੂਜੇ ਦਿਨ ਦੇ ਕੈਂਪ ਦਾ ਉਦਘਾਟਨ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮਹਿਲਾ ਮੋਰਚਾ ਦੀ ਕੌਮੀ ਕਾਰਜਕਾਰਨੀ ਮੈਂਬਰ ਤੇ ਪੰਜਾਬ ਇੰਚਾਰਜ ਸ੍ਰੀਮਤੀ ਉਪਦੇਸ਼ ਅੰਦੋਤਰਾ, ਕੌਮੀ ਕਾਰਜਕਾਰਨੀ ਮੈਂਬਰ ਤੇ ਨੀਤੀ ਤੇ ਅਨੁਸ਼ਾਸਨ ਇੰਚਾਰਜ ਦਿੱਲੀ ਮੋਰਚਾ ਗੀਤਾਂਜਲੀ ਸ਼ਰਮਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ ਵੀ ਹਾਜ਼ਰ ਸਨ।
ਵਨਾਤੀ ਸ਼੍ਰੀਨਿਵਾਸਨ ਨੇ ਭਾਜਪਾ ਮਹਿਲਾ ਮੋਰਚਾ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਇਕਲੌਤੀ ਸਿਆਸੀ ਪਾਰਟੀ ਹੈ ਜਿਸ ਨੇ ਵਾਰ-ਵਾਰ ਸਪੱਸ਼ਟ ਤੌਰ ‘ਤੇ ਦਿਖਾਇਆ ਹੈ ਕਿ ਉਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਰਾਜਨੀਤੀ ਵਿਚ ਪੂਰੀ ਜਗ੍ਹਾ ਦੇਣ ਵਿਚ ਵਿਸ਼ਵਾਸ ਰੱਖਦੀ ਹੈ। ਇਸ ਦੀ ਪ੍ਰਤੱਖ ਉਦਾਹਰਣ ਭਾਰਤ ਦੇ ਰਾਸ਼ਟਰਪਤੀ ਦੇ ਔਹਦੇ ਲਈ ਇੱਕ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਹੈ। ਉਨ੍ਹਾਂ ਔਰਤਾਂ ਨੂੰ ਪਾਰਟੀ ਲਈ ਸਰਗਰਮ ਰਹਿਣ ਅਤੇ ਪਾਰਟੀ ਲਈ ਕੰਮ ਕਰਨ ਅਤੇ ਇਸ ਦੀ ਵਿਚਾਰਧਾਰਾ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਵੇਗੀ ਅਤੇ ਪੰਜਾਬ ਵਿੱਚ ਵੀ ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।
ਅਸ਼ਵਨੀ ਸ਼ਰਮਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਮਜ਼ਬੂਤ ਸਮਾਜ ਦਾ ਅਹਿਮ ਹਿੱਸਾ ਅਤੇ ਆਧਾਰ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੀਆਂ ਵਰਕਰਾਂ ਨੇ ਸੂਬੇ ਵਿੱਚ ਔਰਤਾਂ ਨੂੰ ਜਾਗਰੂਕ ਕਰਨ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਗਰੀਬਾਂ, ਲੋੜਵੰਦਾਂ, ਪਛੜੇ ਵਰਗਾਂ, ਆਦਿਵਾਸੀਆਂ ਅਤੇ ਔਰਤਾਂ ਦਾ ਵਿਕਾਸ ਹੈ। ਅਸ਼ਵਨੀ ਸ਼ਰਮਾ ਨੇ ਔਰਤਾਂ ਨੂੰ ਸਰਗਰਮ ਰਾਜਨੀਤੀ ਵਿੱਚ ਆਉਣ ਅਤੇ ਸਿਆਸੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਸਲਾਹ ਅਤੇ ਸੱਦਾ ਦਿੱਤਾ।
ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਇੰਦੂ ਗੋਸਵਾਮੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾ ਸਿਰਫ਼ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਦੀ ਗੱਲ ਕਰਦੀ ਹੈ, ਸਗੋਂ ਮਹਿਲਾ ਸਸ਼ਕਤੀਕਰਨ ਭਾਜਪਾ ਦੀ ਤਰਜੀਹ ਅਤੇ ਵਚਨਬੱਧਤਾ ਹੈ।
ਭਾਜਪਾ ਦੇ ਕੌਮੀ ਸਕੱਤਰ ਅਤੇ ਸਹਿ-ਪ੍ਰਭਾਰੀ ਡਾ: ਨਰਿੰਦਰ ਸਿੰਘ ਰੈਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਨਾ ਸਿਰਫ਼ ਔਰਤਾਂ ਦੇ ਦਰਜੇ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ, ਬਲਕਿ ਸਾਡੀ ਵਿਚਾਰਧਾਰਾ ਹੈ ਕਿ ਹਰ ਤਰ੍ਹਾਂ ਦੇ ਯਤਨਾਂ ਵਿੱਚ ਔਰਤਾਂ ਨੂੰ ਬਰਾਬਰੀ ਦੇ ਮੌਕੇ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਹਾਜਰ ਵਰਕਰਾਂ ਨੂੰ ਰਾਸ਼ਟਰਵਾਦ ਨੂੰ ਪਹਿਲ ਦੇਣ ਵਿੱਚ ਭਾਜਪਾ ਦੀ ਭੂਮਿਕਾ ਬਾਰੇ ਸੇਧ ਦਿੱਤੀ। ਮੋਨਾ ਜੈਸਵਾਲ ਨੇ ਕੈਂਪ ਵਿੱਚ ਸ਼ਾਮਲ ਹੋਣ ਲਈ ਹਾਜ਼ਰ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ।