ਸ਼ਹਾਦਤਾਂ ਰਾਹੀਂ ਸਿੱਖੀ ਸਿਦਕ ਨਿਭਾ ਕੇ ਮਰਜੀਵੜਿਆਂ ਨੇ ਅਠਾਰ੍ਹਵੀਂ ਸਦੀ ਦਾ ਇਤਿਹਾਸ ਦੁਹਰਾਇਆ : ਬਾਬਾ ਹਰਨਾਮ ਸਿੰਘ ਖ਼ਾਲਸਾ ਅੰਮ੍ਰਿਤਸਰ-12 ਜੂਨ (ਰਾਜਿੰਦਰ ਧਾਨਿਕ ) ਜੂਨ ’84 ਦੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਅੰਦਰ ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ ਦੀ ਸ਼ਹਾਦਤ ਦੀ 38ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਜੇਠੂਵਾਲ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮਨਾਈ ਗਈ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲਿਆਂ ਵੱਲੋਂ ਗੁਰਬਾਣੀ ਕਥਾ ਵਿਚਾਰ ਕਰਦਿਆਂ ਸ਼ਹੀਦੀ ਪਰੰਪਰਾ ਅਤੇ ਸ਼ਹਾਦਤਾਂ ਦੇ ਦੈਵੀ ਸੰਕਲਪ ’ਤੇ ਰੌਸ਼ਨੀ ਪਾਈ ਅਤੇ ਸ਼ਹੀਦ ਭਾਈ ਬਲਦੇਵ ਸਿੰਘ ਦੀ ਸ਼ਹਾਦਤ ਨੂੰ ਗੁਰਸਿੱਖੀ ਪਿਆਰ ਚੋਂ ਉਪਜੀ ਸ਼ਹਾਦਤ ਦੱਸਿਆ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਮਰਜੀਵੜੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਜਿੰਨਾ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਪੰਜਾਬ ਤੇ ਕੇਂਦਰ ਵਿਚਾਲੇ ਧਰਮ ਯੁੱਧ ਮੋਰਚੇ ਤੋਂ ਲੈ ਕੇ ਜੂਨ 1984 ਦੀਆਂ ਸ਼ਹਾਦਤਾਂ ਤੱਕ ਸਿੱਖੀ ਸਿਦਕ ਨਿਭਾ ਕੇ ਅਠਾਰ੍ਹਵੀਂ ਸਦੀ ਦਾ ਇਤਿਹਾਸ ਦੁਹਰਾਇਆ । ਕੁਝ ਉਹ ਸਨ ਜਿੰਨਾ ਨੇ ਹਮਲੇ ਨੂੰ ਨਾ ਬਰਦਾਸ਼ਤ ਕਰਦਿਆਂ ਉਸ ਵੇਲੇ ਅੰਮ੍ਰਿਤਸਰ ਵੱਲ ਕੂਚ ਕਰਕੇ ਖ਼ੁਦ ਸ਼ਹਾਦਤ ਕਬੂਲੀ ਜਿੰਨਾ ਵਿਚ ਭਾਈ ਬਲਦੇਵ ਸਿੰਘ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਤੀਸਰੇ ਉਹ ਬੇਕਸੂਰ ਸਿੱਖ ਸ਼ਰਧਾਲੂ ਜੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ ਪਰ ਕਰਫ਼ਿਊ ਲੱਗਣ ਕਾਰਨ ਉਹ ਬਾਹਰ ਨਾ ਆ ਸਕੇ ਜਿੰਨਾ ਨੂੰ ਜ਼ਾਲਮਾਂ ਵੱਲੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਜੋ ਕਾਇਰਤਾ ਭਰੀ ਕਾਰਵਾਈ ਸੀ। ਇਸ ਮੌਕੇ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਦੇ ਆਗੂ ਬੀਬੀ ਮਨਜੀਤ ਕੌਰ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ। ਪੰਥ ਪ੍ਰਸਿੱਧ ਢਾਡੀ ਭਾਈ ਨਿਰਮਲ ਸਿੰਘ ਜੇਠੂਵਾਲ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਕਿ ਜਦੋਂ ਹਮਲੇ ਦੀ ਖ਼ਬਰ ਮਿਲੀ ਉਸ ਵਕਤ ਭਾਈ ਬਲਦੇਵ ਸਿੰਘ ਆਪਣੇ ਖੇਤਾਂ ਵਿੱਚ ਹਲ੍ਹ ਵਾਹ ਰਹੇ ਸਨ। ਹਮਲੇ ਦੀ ਖ਼ਬਰ ਉਨ੍ਹਾਂ ਲਈ ਏਨਾ ਡੂੰਘਾ ਸਦਮਾ ਸੀ ਕਿ ਭਾਈ ਸਾਹਿਬ ਆਪਣੇ ਬਲਦ ਵੀ ਖੇਤਾਂ ਵਿਚ ਛੱਡ ਆਏ। ਸਭ ਤੋਂ ਪਹਿਲਾਂ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਨਾਊਂਸਮੈਂਟ ਕਰਕੇ ਕਿਹਾ ਚਲੋ ਸਿੰਘੋ ਅੱਜ ਗੁਰੂ ਪਾਤਸ਼ਾਹ ਦੇ ਦਰ ਤੇ ਭੀੜ ਬਣੀ ਹੈ। ਸ਼ਹਾਦਤਾਂ ਦਾ ਵਕਤ ਆ ਗਿਆ ਹੈ 13 ਸਿੱਖਾਂ ਦਾ ਜਥਾ ਲੈ ਕੇ 3 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਰ੍ਹਦੀਆਂ ਗੋਲੀਆਂ ਚ ਪਹੁੰਚੇ 5 ਜੂਨ ਨੂੰ ਗੁਰੂ ਰਾਮਦਾਸ ਸਰ੍ਹਾਂ ਅੰਦਰ ਸ਼ਹੀਦੀ ਪ੍ਰਾਪਤ ਕਰ ਗਏ। ਭਾਈ ਸਾਹਿਬ ਜੀ ਦੀ ਮ੍ਰਿਤਕ ਦੇਹ ਵੀ ਪ੍ਰਾਪਤ ਨਹੀਂ ਹੋਈ। ਇਸ ਮੌਕੇ ਜਥੇਦਾਰ ਗੁਰਮੇਜ ਸਿੰਘ ਸ਼ਹੂਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਵਿਰਸਾ ਸਿੰਘ ਜੋਧਪੁਰੀ,ਚੰਨਣ ਸਿੰਘ ਜੋਧਪੁਰੀ,ਅਮਿਤੇਸ਼ਵਰ ਸਿੰਘ,ਗੁਰਦੇਵ ਸਿੰਘ ਮੈਹਣੀਆਂ ਕੁਹਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੱਜਣ ਸਿੰਘ ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ,ਪੰਥਕ ਚਿੰਤਕ ਸ਼ਮਸ਼ੇਰ ਸਿੰਘ ਜੇਠੂਵਾਲ,ਮੰਗਲਜੀਤ ਸਿੰਘ ਆਦਿ ਪ੍ਰਬੰਧਕ ਸ਼ਖ਼ਸੀਅਤਾਂ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲੇ ਅਤੇ ਓਨਾ ਨਾਲ ਪਹੁੰਚੇ ਪੰਥਕ ਸਖਸ਼ੀਅਤ ਭਾਈ ਦਲਬੀਰ ਸਿੰਘ ਅਮਰੀਕਾ ਵਾਲਿਆ ਦਾ ਸਨਮਾਨ ਕੀਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਵੱਲੋਂ ਭਾਈ ਬਲਦੇਵ ਸਿੰਘ ਜੀ ਦੀ ਸਪੁੱਤਰੀ ਬੀਬੀ ਜਸਬੀਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਜੋਧਪੁਰ ਜੇਲ੍ਹਾਂ ਕੱਟਣ ਵਾਲੇ ਗੁਰਪੁਰਵਾਸੀ ਬਲਰਾਜ ਸਿੰਘ ਬੁੱਟਰ,ਗੁਰਪੁਰਵਾਸੀ ਨਿਰਭੈਲ ਸਿੰਘ ਢਿਲੋ ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ,ਹਰਪਾਲ ਸਿੰਘ ਜੋਧਪੁਰੀ ਆਦਿ ਸਿੰਘਾਂ ਤੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਗਿਆ। ਇਸ ਮੌਕੇ ਸਾਬਕਾ ਫੂਡ ਸਪਲਾਈ ਅਫਸਰ ਸਰਦਾਰ ਧਰਮ ਸਿੰਘ,ਡੇਰਾ ਸੁਧਾਰੀਪੁਰੀ ਦੇ ਮੌਜੂਦਾ ਮੁਖੀ ਬਾਬਾ ਅਮਰੀਕ ਸਿੰਘ,ਦਾਰਾ ਸਿੰਘ ਫੌਜੀ,ਪ੍ਰੋਫੈਸਰ ਸ਼ਮਸ਼ੇਰ ਸਿੰਘ,ਗੁਰਮੇਜ ਸਿੰਘ,ਤਰਸੇਮ ਸਿੰਘ,ਚੰਨਣ ਸਿੰਘ,ਸੁਰਜੀਤ ਸਿੰਘ ਫੌਜੀ,ਡਾ.ਸੁਖਰਾਜ ਸਿੰਘ,ਬਿਕਰਮਜੀਤ ਸਿੰਘ,ਇੰਸਪੈਕਟਰ ਕਸ਼ਮੀਰ ਸਿੰਘ,ਚਰਨਜੀਤ ਸਿੰਘ ਆਦਿ ਹਾਜ਼ਰ ਸਨ ।
ਕੈਪਸ਼ਨ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨ. ਹਰਨਾਮ ਸਿੰਘ ਖ਼ਾਲਸਾ ਸ਼ਹੀਦ ਭਾਈ ਬਲਦੇਵ ਸਿੰਘ ਦੀ ਸਪੁੱਤਰੀ ਬੀਬੀ ਜਸਬੀਰ ਕੌਰ ਨੂੰ ਵਿਸ਼ੇਸ਼ ਸਨਮਾਨ ਕਰਦੇ ਹੋਏ।