ਅੰਮ੍ਰਿਤਸਰ, 7 ਜੂਨ (ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾਈ ਬੁਲਾਰਾ ਡਾ: ਸੁਰਿੰਦਰ ਕੰਵਲ ਨੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਅਤੇ ਸੂਬਾਈ ਟਰਾਂਸਪੋਰਟ ਮੰਤਰੀ ਨੂੰ ਅੱਜ ਲਿਖਤੀ ਸ਼ਿਕਾਇਤ ਭੇਜ ਕੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਮਹਿਲਾ ਸਵਾਰੀਆਂ ਪ੍ਰਤੀ ਵਿਖਾਏ ਜਾ ਰਹੇ ਲਾਪਰਵਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਉਕਤ ਸ਼ਿਕਾਇਤ ਪੱਤਰ ‘ਚ ਦੱਸਿਆ ਕਿ ਅੱਜ ਸਵੇਰੇ 11.30 ਦੇ ਕਰੀਬ ਜਦੋਂ ਉਹ ਬਿਆਸ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਪਨਬੱਸ ਜਲੰਧਰ-1 ਨੰਬਰ ਪੀ.ਬੀ.08 ਸੀ ਐਕਸ-8786 ‘ਚ ਹੋਰਨਾਂ ਮਹਿਲਾ ਸਵਾਰੀਆਂ ਸਮੇਤ ਬੱਸ ਦੇ ਪਿਛਲੇ ਦਰਵਾਜ਼ੇ ਵਲੋਂ ਚੜ੍ਹਨ ਲੱਗੇ ਤਾਂ ਡਰਾਈਵਰ ਨੇ ਇਕ ਦਮ ਨਾਲ ਸਪੀਡ ਵਧਾ ਦਿੱਤੀ। ਜਿਸ ਕਾਰਨ ਉਨ੍ਹਾਂ ਸਮੇਤ ਹੋਰ ਸਵਾਰੀਆਂ ਵੀ ਮਰਦੀਆਂ ਮਰਦੀਆਂ ਬਚੀਆਂ। ਡਾ. ਕੰਵਲ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੇ ਕੰਡਕਟਰਾਂ ਅਤੇ ਡਰਾਈਵਰਾਂ ਦੀ ਲਾਪਰਵਾਹੀ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁਕੇ, ਜਿਨ੍ਹਾਂ ‘ਚ ਬੱਸ ‘ਚ ਸਵਾਰ ਹੋਣ ਵਾਲੀਆਂ ਖ਼ਾਸਕਰ ਮਹਿਲਾ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਸ ਡਰਾਈਵਰ ਖ਼ਾਸ ਤੌਰ ‘ਤੇ ਮਹਿਲਾ ਸਵਾਰੀਆਂ ਨੂੰ ਬੱਸ ‘ਚ ਚੜ੍ਹਨ ਦਾ ਮੌਕਾ ਵੀ ਨਹੀਂ ਦਿੰਦੇ ਅਤੇ ਕੁੱਝ ਸੈਕੰਡ ਰੋਕਣ ਤੋਂ ਬਾਅਦ ਅਚਾਨਕ ਬੱਸ ਤੇਜ਼ ਰਫ਼ਤਾਰ ਦੋੜਾ ਲੈਂਦੇ ਹਨ। ਉਨ੍ਹਾਂ ਸ਼ਿਕਾਇਤ ਪੱਤਰ ‘ਚ ਇਹ ਵੀ ਦੋਸ਼ ਲਗਾਇਆ ਕਿ ਕੰਡਕਟਰ ਕੋਲ ਉਸ ਦੇ ਵਤੀਰੇ ਬਾਰੇ ਪੁੱਛਗਿੱਛ ਕਰਨ ‘ਤੇ ਉਸ ਨੇ ਬੱਸ ਦੀਆਂ ਮਹਿਲਾ ਸਵਾਰੀਆਂ ਨਾਲ ਬਦਸਲੂਕੀ ਵੀ ਕੀਤੀ। ਡਾ: ਕੰਵਲ ਨੇ ਟਰਾਂਸਪੋਰਟ ਮੰਤਰੀ ਅਤੇ ਜੀ. ਐਮ. ਪਾਸੋਂ ਉਕਤ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਸਖ਼ਤ ਵਿਭਾਗੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਅਗਾਂਹ ਹੋਰਨਾਂ ਮਹਿਲਾ ਸਵਾਰੀਆਂ ਨੂੰ ਅਜਿਹਿਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।